ਪਟਿਆਲਾ, 22 ਦਸੰਬਰ: (ਸ਼.ਅ.ਬਿਓਰੋ) : ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਜ਼ਿਲ੍ਹਾ ਪਟਿਆਲਾ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਕ ਸ਼ਲਾਘਾਯੋਗ ਮਨੁੱਖਤਾ ਭਰਿਆ ਕਦਮ ਚੁੱਕਦਿਆਂ, ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਪੁਨਰਵਾਸ ਲਈ 6 ਲੱਖ 52 ਹਜ਼ਾਰ ਰੁਪਏ ਦੀ ਰਕਮ ਇਕੱਠੀ ਕਰਕੇ ਸਰਕਾਰ ਤੱਕ ਭੇਜੀ ਗਈ ਹੈ।
ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਇਹ ਰਕਮ ਦਾ ਚੈੱਕ ਅੱਜ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਸੌਂਪਿਆ ਗਿਆ। ਇਸ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਪ੍ਰੇਰਣਾਦਾਇਕ ਅਤੇ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਐਸ.ਐਸ.ਪੀ. ਦਫ਼ਤਰ ਰਾਹੀਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੀ ਜਾਵੇਗੀ, ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਸਦੀ ਵਰਤੋਂ ਕੀਤੀ ਜਾ ਸਕੇ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਇਸ ਰਾਹਤ ਰਕਮ ਨੂੰ ਇਕੱਠਾ ਕਰਨ ਵਿੱਚ ਐਸੋਸੀਏਸ਼ਨ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਲਜੁਲ ਕੇ ਯੋਗਦਾਨ ਪਾਇਆ ਹੈ। ਇਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚੰਦ ਪੰਜੋਲਾ ਅਤੇ ਮੈਂਬਰਾਨ ਨਾਹਰ ਸਿੰਘ, ਹਰਦੀਪ ਸਿੰਘ, ਕਰਤਾਰ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਰਣਧੀਰ ਸਿੰਘ, ਦੀਦਾਰ ਸਿੰਘ, ਸਤਪਾਲ ਸਿੰਘ, ਜਸਵੀਰ ਸਿੰਘ ਅਤੇ ਅਜੀਤ ਸਿੰਘ ਧਾਲੀਵਾਲ ਨੇ ਵਿਸ਼ੇਸ਼ ਯੋਗਦਾਨ ਦਿੱਤਾ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਕੀਤੀ ਗਈ ਇਹ ਸਹਾਇਤਾ ਮੁਸ਼ਕਲ ਸਮੇਂ ਵਿੱਚ ਪੀੜਤਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ ਅਤੇ ਸਮਾਜ ਲਈ ਇੱਕ ਮਿਸਾਲ ਕਾਇਮ ਕਰੇਗੀ।







