ਕਟੜਾ: (ਜਗਜੀਤ ਸਿੰਘ) : ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਸ਼ਰਧਾਲੂਆਂ ਦੀ ਯਾਤਰਾ ਨੂੰ ਹੋਰ ਸੁਚਾਰੂ ਬਣਾਉਣ ਲਈ ਆਰ.ਐਫ.ਆਈ.ਡੀ. (RFID) ਕਾਰਡ ਦੀ ਸਮਾਂ ਵੈਧਤਾ ਮਿਆਦ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਸ਼ਰਧਾਲੂਆਂ ਨੂੰ RFID ਕਾਰਡ ਪ੍ਰਾਪਤ ਕਰਨ ਤੋਂ 10 ਘੰਟਿਆਂ ਦੇ ਅੰਦਰ ਬਾਣਗੰਗਾ, ਤਾਰਾਕੋਟ ਜਾਂ ਹੈਲੀਪੈਡ ਵਰਗੇ ਐਂਟਰੀ ਪੁਆਇੰਟਾਂ ‘ਤੇ ਦਾਖ਼ਲ ਹੋਣਾ ਲਾਜ਼ਮੀ ਹੋਵੇਗਾ। ਨਿਰਧਾਰਤ ਸਮੇਂ ਅੰਦਰ ਦਾਖ਼ਲ ਨਾ ਹੋਣ ਦੀ ਸੂਰਤ ਵਿੱਚ RFID ਕਾਰਡ ਅਵੈਧ ਮੰਨਿਆ ਜਾਵੇਗਾ।
ਸ਼੍ਰਾਈਨ ਬੋਰਡ ਵੱਲੋਂ ਜਾਰੀ ਹੁਕਮਾਂ ਮੁਤਾਬਕ, ਯਾਤਰਾ ਮਾਰਗ ‘ਤੇ ਦਾਖ਼ਲ ਹੋਣ ਤੋਂ ਬਾਅਦ RFID ਕਾਰਡ 24 ਘੰਟਿਆਂ ਤੱਕ ਮਾਤਾ ਵੈਸ਼ਨੋ ਦੇਵੀ ਭਵਨ ‘ਤੇ ਨਮਨ ਕਰਨ ਲਈ ਪ੍ਰਵਾਨ ਰਹੇਗਾ। ਇਸ ਤੋਂ ਪਹਿਲਾਂ RFID ਕਾਰਡ ਲੈਣ ਤੋਂ ਬਾਅਦ ਯਾਤਰਾ ਮਾਰਗ ‘ਤੇ ਦਾਖ਼ਲੇ ਲਈ 12 ਘੰਟਿਆਂ ਦੀ ਮਿਆਦ ਸੀ, ਜਿਸ ਨੂੰ ਹੁਣ ਘਟਾ ਕੇ 10 ਘੰਟੇ ਕਰ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਸ਼੍ਰਾਈਨ ਬੋਰਡ ਵੱਲੋਂ RFID ਕਾਊਂਟਰਾਂ ਦੇ ਸਮਿਆਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਨਵੇਂ ਬਦਲਾਅ ਤਹਿਤ ਤਾਰਾਕੋਟ RFID ਕਾਊਂਟਰ 24 ਘੰਟੇ ਖੁੱਲ੍ਹਾ ਰਹੇਗਾ, ਜਦਕਿ ਕਟੜਾ ਰੇਲਵੇ ਸਟੇਸ਼ਨ ‘ਤੇ ਅੱਧੀ ਰਾਤ 12 ਵਜੇ ਤੱਕ RFID ਕਾਰਡ ਦੀ ਸਹੂਲਤ ਉਪਲਬਧ ਰਹੇਗੀ।
ਉੱਥੇ ਹੀ, ਜਿਨ੍ਹਾਂ ਸ਼ਰਧਾਲੂਆਂ ਨੇ ਪਹਿਲਾਂ ਤੋਂ ਔਨਲਾਈਨ ਬੁਕਿੰਗ ਕਰਵਾਈ ਹੋਈ ਹੈ, ਉਹ ਰਾਤ ਦੇ ਸਮੇਂ ਵੀ ਬਾਣਗੰਗਾ ਕਾਊਂਟਰ ਤੋਂ RFID ਕਾਰਡ ਪ੍ਰਾਪਤ ਕਰ ਸਕਣਗੇ।
ਸ਼੍ਰਾਈਨ ਬੋਰਡ ਨੇ ਸਪਸ਼ਟ ਕੀਤਾ ਹੈ ਕਿ RFID ਕਾਰਡ ਬਿਨਾਂ ਕਿਸੇ ਵੀ ਸ਼ਰਧਾਲੂ ਨੂੰ ਯਾਤਰਾ ਮਾਰਗ ‘ਤੇ ਦਾਖ਼ਲੇ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਇਸ ਲਈ ਸਾਰੇ ਯਾਤਰੀ ਨਵੇਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ।







