7–8 ਹਾਥੀਆਂ ਦੀ ਮੌਤ, ਯਾਤਰੀ ਸੁਰੱਖਿਅਤ
ਅਸਾਮ: 20 ਦਸੰਬਰ (ਸ਼.ਅ.ਬਿਓਰੋ) : ਅਸਾਮ ਵਿੱਚ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ, ਜਦੋਂ ਟ੍ਰੇਨ ਨੰਬਰ 20507 ਡਾਊਨ ਸੈਰੰਗ–ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਹਾਥੀਆਂ ਦੇ ਝੁੰਡ ਨਾਲ ਟਕਰਾ ਗਈ। ਇਸ ਟੱਕਰ ਕਾਰਨ ਟ੍ਰੇਨ ਦਾ ਇੰਜਣ ਅਤੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਉੱਤਰ-ਪੂਰਬੀ ਸਰਹੱਦੀ ਰੇਲਵੇ (NFR) ਦੇ ਲੁਮਡਿੰਗ ਡਿਵੀਜ਼ਨ ਅਧੀਨ ਜਮੁਨਾਮੁਖ–ਕੰਪੁਰ ਸੈਕਸ਼ਨ ‘ਤੇ ਸਵੇਰੇ ਕਰੀਬ 2:17 ਵਜੇ ਵਾਪਰਿਆ।
ਰੇਲਵੇ ਅਧਿਕਾਰੀਆਂ ਮੁਤਾਬਕ, ਲੋਕੋ ਪਾਇਲਟ ਨੇ ਪਟੜੀ ‘ਤੇ ਹਾਥੀਆਂ ਦੇ ਝੁੰਡ ਨੂੰ ਦੇਖਦੇ ਹੀ ਐਮਰਜੈਂਸੀ ਬ੍ਰੇਕ ਲਗਾਈ, ਪਰ ਟੱਕਰ ਇੰਨੀ ਤੇਜ਼ ਸੀ ਕਿ ਹਾਦਸਾ ਟਲ ਨਾ ਸਕਿਆ। ਖੁਸ਼ਕਿਸਮਤੀ ਨਾਲ, ਟ੍ਰੇਨ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਚੋਟ ਨਹੀਂ ਲੱਗੀ। ਪ੍ਰਭਾਵਿਤ ਕੋਚਾਂ ਦੇ ਯਾਤਰੀਆਂ ਨੂੰ ਹੋਰ ਡੱਬਿਆਂ ਵਿੱਚ ਉਪਲਬਧ ਖਾਲੀ ਬਰਥਾਂ ‘ਚ ਬਿਠਾਇਆ ਗਿਆ।
ਪਟੜੀ ਤੋਂ ਉਤਰੇ ਡੱਬਿਆਂ ਨੂੰ ਵੱਖ ਕਰਨ ਮਗਰੋਂ ਟ੍ਰੇਨ ਨੂੰ ਗੁਹਾਟੀ ਵੱਲ ਰਵਾਨਾ ਕੀਤਾ ਗਿਆ। ਗੁਹਾਟੀ ਪਹੁੰਚਣ ‘ਤੇ ਟ੍ਰੇਨ ਵਿੱਚ ਵਾਧੂ ਡੱਬੇ ਜੋੜੇ ਜਾਣਗੇ, ਜਿਸ ਤੋਂ ਬਾਅਦ ਯਾਤਰਾ ਮੁੜ ਜਾਰੀ ਰਹੇਗੀ।
ਇਸ ਹਾਦਸੇ ਵਿੱਚ ਹਾਥੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸਥਾਨਕ ਲੋਕਾਂ ਅਤੇ ਜੰਗਲਾਤ ਅਧਿਕਾਰੀਆਂ ਅਨੁਸਾਰ, ਅੱਠ ਹਾਥੀਆਂ ਦੇ ਝੁੰਡ ਵਿੱਚੋਂ 7–8 ਹਾਥੀਆਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹਾਥੀ ਜ਼ਖਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਥਾਨ ਹਾਥੀ ਕੋਰੀਡੋਰ ਤੋਂ ਬਾਹਰ ਹੈ ਅਤੇ ਗੁਹਾਟੀ ਤੋਂ ਲਗਭਗ 126 ਕਿਲੋਮੀਟਰ ਦੂਰ ਸਥਿਤ ਹੈ।
ਹਾਦਸੇ ਤੋਂ ਬਾਅਦ ਪਟੜੀ ‘ਤੇ ਹਾਥੀਆਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਪਏ ਹੋਣ ਕਾਰਨ ਉੱਪਰੀ ਅਸਾਮ ਅਤੇ ਉੱਤਰ-ਪੂਰਬ ਦੇ ਕਈ ਹਿੱਸਿਆਂ ਵਿੱਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕਈ ਟ੍ਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਕੁਝ ਗੱਡੀਆਂ ਅੱਪ ਲਾਈਨ ਰਾਹੀਂ ਚਲਾਈਆਂ ਜਾ ਰਹੀਆਂ ਹਨ। ਰੈਸਕਿਊ ਅਤੇ ਐਕਸੀਡੈਂਟ ਰਿਲੀਫ਼ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਪਟੜੀ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।
ਐਨਐਫਆਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕਪਿੰਜਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਇਹ ਘਟਨਾ ਅਸਾਮ ਵਿੱਚ ਰੇਲਗੱਡੀਆਂ ਅਤੇ ਜੰਗਲੀ ਹਾਥੀਆਂ ਵਿਚਕਾਰ ਵੱਧ ਰਹੀਆਂ ਟੱਕਰਾਂ ਵੱਲ ਧਿਆਨ ਖਿੱਚਦੀ ਹੈ, ਜੋ ਜੰਗਲਾਤ ਖੇਤਰਾਂ ਵਿੱਚ ਪਟੜੀਆਂ ਹੋਣ ਕਾਰਨ ਅਕਸਰ ਵਾਪਰਦੀਆਂ ਹਨ।
