22 ਤੋਂ 27 ਦਸੰਬਰ ਤੱਕ ਚੌਥਾ ਸਲਾਨਾ ਪੁਸਤਕ ਮੇਲਾ

ਫਤਿਹਗੜ੍ਹ ਸਾਹਿਬ: 20 ਦਸੰਬਰ: (ਛਤਰਪਾਲ ਸਿੰਘ): ਸ਼ਹੀਦੀ ਸਭਾ ਦੇ ਪਾਵਨ ਅਵਸਰ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸੰਗਤ ਨੂੰ ਗੁਰਮਤਿ ਦਰਸ਼ਨ, ਸਿੱਖ ਇਤਿਹਾਸ, ਸਾਹਿਤ ਅਤੇ ਪਰੰਪਰਾ ਨਾਲ ਜੋੜਨ ਦੇ ਉਦੇਸ਼ ਨਾਲ ਲਗਾਤਾਰ ਅਕਾਦਮਿਕ ਅਤੇ ਸਭਿਆਚਾਰਕ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦਾ ਮਕਸਦ ਸ਼ਹੀਦਾਂ ਦੀ ਅਮਰ ਵਿਰਾਸਤ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਅਤੇ ਸਿੱਖ ਮੁੱਲਾਂ ਪ੍ਰਤੀ ਚੇਤਨਾ ਪੈਦਾ ਕਰਨਾ ਹੈ।
ਇਸੇ ਲੜੀ ਤਹਿਤ ਯੂਨੀਵਰਸਿਟੀ ਵੱਲੋਂ 22 ਤੋਂ 27 ਦਸੰਬਰ ਤੱਕ ਚੌਥਾ ਸਲਾਨਾ ਪੁਸਤਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਅਮਰ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ, ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਅਤੇ ਹੋਰ ਕਈ ਗਿਆਨਵਰਧਕ ਤੇ ਸੰਸਕਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਸਾਰੀ ਸਿੱਖ ਸੰਗਤ, ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਇਨ੍ਹਾਂ ਅਕਾਦਮਿਕ ਕੈਂਪਾਂ, ਸਮਾਗਮਾਂ ਅਤੇ ਸਭਿਆਚਾਰਕ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦਾ ਨਿੱਘਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਨੂੰ ਸੰਭਾਲਣ ਅਤੇ ਭਵਿੱਖੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹੰਮ ਭੂਮਿਕਾ ਨਿਭਾਉਂਦੇ ਹਨ।
ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਨੇਹੇ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਸ਼ਹੀਦਾਂ ਨੂੰ ਸਮਰਪਿਤ ਇਨ੍ਹਾਂ ਪਾਵਨ ਅਤੇ ਗਿਆਨਵਰਧਕ ਉਪਰਾਲਿਆਂ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।







