Homeਪਟਿਆਲਾ ਅਪਡੇਟਪਟਿਆਲਾ ਫਲਾਇੰਗ ਕਲੱਬ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੌਰਾ, ਪੰਜਾਬ...

ਪਟਿਆਲਾ ਫਲਾਇੰਗ ਕਲੱਬ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੌਰਾ, ਪੰਜਾਬ ਨੂੰ ਹਵਾਬਾਜ਼ੀ ਉਦਯੋਗ ਦਾ ਕੇਂਦਰ ਬਣਾਉਣ ਦਾ ਐਲਾਨ

ਪੰਜਾਬ ਸਰਕਾਰ ਹਵਾਬਾਜ਼ੀ ਈਕੋ ਸਿਸਟਮ ਬਣਾ ਰਹੀ ਹੈਜੋ ਨੌਕਰੀ ਲੱਭਣ ਵਾਲੇ ਨਹੀਂਨੌਕਰੀ ਦੇਣ ਵਾਲੇ ਨੌਜਵਾਨ ਪੈਦਾ ਕਰ ਰਿਹਾ ਹੈਭਗਵੰਤ ਸਿੰਘ ਮਾਨ

ਪਟਿਆਲਾ, 20 ਦਸੰਬਰ: (ਜਗਜੀਤ ਸਿੰਘ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਹਵਾਬਾਜ਼ੀ ਉਦਯੋਗ ਦਾ ਇੱਕ ਅਹਿਮ ਕੇਂਦਰ ਬਣ ਕੇ ਉਭਰੇਗਾ। ਸੂਬਾ ਸਰਕਾਰ ਹਵਾਬਾਜ਼ੀ ਖੇਤਰ ਦੀਆਂ ਲੋੜਾਂ ਅਨੁਸਾਰ ਨੌਜਵਾਨਾਂ ਨੂੰ ਕਿਫਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰ ਰਹੀ ਹੈ, ਤਾਂ ਜੋ ਆਮ ਘਰਾਂ ਦੇ ਬੱਚੇ ਵੀ ਆਪਣੇ ਸੁਪਨਿਆਂ ਨੂੰ ਉਡਾਣ ਦੇ ਸਕਣ।

ਅੱਜ ਪਟਿਆਲਾ ਫਲਾਇੰਗ ਕਲੱਬ ਵਿਖੇ ਟਰੇਨੀ ਪਾਇਲਟਾਂ ਅਤੇ ਏਅਰਕ੍ਰਾਫਟ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਇਲਟ ਬਣਨ ਦੀ ਸਿਖਲਾਈ ਨੂੰ ਕਿਫਾਇਤੀ ਬਣਾ ਕੇ ਪੰਜਾਬ ਨੇ ਹਵਾਬਾਜ਼ੀ ਕਰੀਅਰ ‘ਤੇ ਅਮੀਰਾਂ ਦਾ ਏਕਾਧਿਕਾਰ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਕਮਰਸ਼ੀਅਲ ਪਾਇਲਟ ਬਣਨ ਲਈ 40–45 ਲੱਖ ਰੁਪਏ ਖਰਚ ਆਉਂਦੇ ਹਨ, ਜਦਕਿ ਪਟਿਆਲਾ ਫਲਾਇੰਗ ਕਲੱਬ ਵਿੱਚ ਲਗਭਗ 50 ਫੀਸਦੀ ਸਬਸਿਡੀ ਦੇ ਨਾਲ ਇਹ ਖਰਚ 22–25 ਲੱਖ ਰੁਪਏ ਤੱਕ ਰਹਿ ਜਾਂਦਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਪਟਿਆਲਾ ਫਲਾਇੰਗ ਕਲੱਬ ਵਿੱਚ ਇਸ ਸਮੇਂ 32 ਟਰੇਨੀ ਪਾਇਲਟ ਅਤੇ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਵਿਦਿਆਰਥੀ ਸਿਖਲਾਈ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਆਪਣੇ ਪਰਿਵਾਰਾਂ ਦੀ ਪਹਿਲੀ ਪੀੜ੍ਹੀ ਹਨ ਜੋ ਹਵਾਬਾਜ਼ੀ ਖੇਤਰ ਵਿੱਚ ਦਾਖ਼ਲ ਹੋ ਰਹੇ ਹਨ। ਕਿਸਾਨਾਂ, ਦੁਕਾਨਦਾਰਾਂ, ਅਧਿਆਪਕਾਂ ਅਤੇ ਸਧਾਰਨ ਘਰਾਂ ਦੇ ਬੱਚੇ ਹੁਣ ਪਟਿਆਲਾ ਫਲਾਇੰਗ ਕਲੱਬ ਰਾਹੀਂ ਉੱਚੀ ਉਡਾਣ ਭਰਨ ਦਾ ਸੁਪਨਾ ਸਾਕਾਰ ਕਰ ਸਕਦੇ ਹਨ।

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਏਵੀਏਸ਼ਨ ਕੰਪਲੈਕਸ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ ਏਵੀਏਸ਼ਨ ਮਿਊਜ਼ੀਅਮ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਿਗ ਜਹਾਜ਼, ਹੈਲੀਕਾਪਟਰ, ਸਿਮੂਲੇਟਰ ਅਤੇ ਹਵਾਬਾਜ਼ੀ ਵਿਰਾਸਤ ਨਾਲ ਸੰਬੰਧਿਤ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਸਿਵਲ ਏਵੀਏਸ਼ਨ ਵਿਭਾਗ ਦੀ ਨਵੀਂ ਵੈੱਬਸਾਈਟ dca.punjab.gov.in ਵੀ ਲਾਂਚ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਵਾਬਾਜ਼ੀ ਦਾ ਪੂਰਾ ਈਕੋ-ਸਿਸਟਮ ਤਿਆਰ ਕਰ ਰਹੀ ਹੈ, ਜੋ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਨੌਜਵਾਨ ਤਿਆਰ ਕਰੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ (ਏਐਮਈ) ਕਾਲਜ ਵਿੱਚ 3 ਸਾਲਾ ਬੀਐਸਸੀ (ਆਨਰਜ਼) ਅਤੇ 3 ਸਾਲਾ ਡੀਜੀਸੀਏ ਪ੍ਰਵਾਨਿਤ ਏਐਮਈ ਕੋਰਸ ਦੀ ਕੁੱਲ ਫੀਸ ਸਿਰਫ਼ 3 ਲੱਖ ਰੁਪਏ ਹੈ, ਜਦਕਿ ਹੋਰ ਸੂਬਿਆਂ ਵਿੱਚ ਇਹ ਫੀਸ 5 ਤੋਂ 8 ਲੱਖ ਰੁਪਏ ਤੱਕ ਹੈ। ਇਸ ਵਿੱਚ 33 ਫੀਸਦੀ ਸੀਟਾਂ ਐਸਸੀ ਅਤੇ ਬੀਸੀ ਵਿਦਿਆਰਥੀਆਂ ਲਈ ਰਾਖਵੀਆਂ ਗਈਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਫਲਾਇੰਗ ਕਲੱਬ ਅਤੇ ਕਾਲਜ ਦੇ 4 ਹਜ਼ਾਰ ਤੋਂ ਵੱਧ ਸਿਖਲਾਈ ਪ੍ਰਾਪਤ ਪੇਸ਼ੇਵਰ ਦੇਸ਼-ਵਿਦੇਸ਼ ਦੀਆਂ ਵੱਡੀਆਂ ਏਅਰਲਾਈਨਾਂ ਅਤੇ ਹਵਾਬਾਜ਼ੀ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਔਸਤਨ 1.5 ਲੱਖ ਰੁਪਏ ਮਹੀਨਾ ਸ਼ੁਰੂਆਤੀ ਤਨਖਾਹ ਮਿਲਦੀ ਹੈ।

ਵਿਦਿਆਰਥੀਆਂ ਨੂੰ ਉਜਲੇ ਅਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸਖ਼ਤ ਮਿਹਨਤ, ਸਾਦਗੀ ਅਤੇ ਜ਼ਮੀਨ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਨੌਜਵਾਨਾਂ ਦੀ ਸਰਗਰਮ ਭੂਮਿਕਾ ਨਾਲ ਹੀ ਸੰਭਵ ਹੈ।

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੂਬਾ ਜਨਰਲ ਸਕੱਤਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ, ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸਿਵਲ ਏਵੀਏਸ਼ਨ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ ਐਸ ਪੀ ਵਰੁਣ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਅਤੇ ਪਟਿਆਲਾ ਫ਼ਲਾਇੰਗ ਕਲੱਬ ਦੇ ਟ੍ਰੇਨੀ ਪਾਇਲਟਾਂ ਸਮੇਤ ਏਅਰਕ੍ਰਾਫਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਤੇ ਇੰਸਟ੍ਰਕਟਰ ਵੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments