ਅੰਮ੍ਰਿਤਸਰ: (ਛਤਰਪਾਲ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਸੰਬੰਧਿਤ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਜ਼ਿਲ੍ਹਾ ਵਧੀਕ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਅਦਾਲਤ ਵੱਲੋਂ ਅਰਜ਼ੀ ਰੱਦ ਕਰ ਦਿੱਤੀ ਹੈ, ਜਿਸ ਨਾਲ 10 ਮੁਲਜ਼ਮਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਫੈਸਲੇ ਦੇ ਨਾਲ ਮੁਲਜ਼ਮਾਂ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਇਹ ਸੁਣਵਾਈ 20 ਦਸੰਬਰ ਨੂੰ ਹੋਈ, ਜਿਸ ਦੌਰਾਨ ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪਣੇ ਤਰਕ ਪੇਸ਼ ਕੀਤੇ। ਕੇਸ 7 ਦਸੰਬਰ ਨੂੰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵੱਲੋਂ ਦਰਜ ਕੀਤੀ ਗਈ ਐਫਆਈਆਰ ਨਾਲ ਜੁੜਿਆ ਹੋਇਆ ਹੈ। ਦੋਸ਼ ਇਹ ਲਗਾਇਆ ਗਿਆ ਹੈ ਕਿ 328 ਪਾਵਨ ਸਰੂਪਾਂ ਦੀ ਸੰਭਾਲ ਅਤੇ ਪ੍ਰਬੰਧਨ ਵਿੱਚ ਗੰਭੀਰ ਲਾਪਰਵਾਹੀ ਵਰਤੀ ਗਈ, ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਅਗਾਹੂ ਜਮਾਨਤ ਲਈ ਅਰਜ਼ੀ ਦੇਣ ਵਾਲੇ ਮੁਲਜ਼ਮਾਂ ਵਿੱਚ ਮਨਜੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ, ਪਰਮਦੀਪ ਸਿੰਘ, ਗੁਰਮੁੱਖ ਸਿੰਘ, ਜੁਝਾਰ ਸਿੰਘ, ਬਾਜ ਸਿੰਘ, ਦਲਬੀਰ ਸਿੰਘ, ਕੁਲਵੰਤ ਸਿੰਘ ਅਤੇ ਸਤਿੰਦਰ ਸਿੰਘ ਕੋਹਲੀ ਸ਼ਾਮਲ ਹਨ।
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਤੇਜ਼ ਕਰਨ ਦੀ ਸੰਭਾਵਨਾ ਵਧ ਗਈ ਹੈ, ਜਦਕਿ ਸਿੱਖ ਜਥੇਬੰਦੀਆਂ ਨੇ ਕੇਸ ਵਿੱਚ ਨਿਆਂ ਦੀ ਮੰਗ ਜਾਰੀ ਰੱਖੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ।
