Home ਹਰਿਆਣਾ ਹਰਿਆਣਾ ਵਿਧਾਨ ਸਭਾ ਵਿੱਚ ਸੈਣੀ ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਮਨਜ਼ੂਰ

ਹਰਿਆਣਾ ਵਿਧਾਨ ਸਭਾ ਵਿੱਚ ਸੈਣੀ ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਮਨਜ਼ੂਰ

0

ਚਰਚਾ ਲਈ ਸੈਸ਼ਨ ਦੋ ਹਿੱਸਿਆਂ ਵਿੱਚ ਵੰਡਿਆ

ਹਰਿਆਣਾ: 19 ਦਸੰਬਰ (ਚੌਧਰੀ ਪ੍ਰਭਜੀਤ ਸਿੰਘ) : ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਵਿਰੁੱਧ ਕਾਂਗਰਸ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਅਵਿਸ਼ਵਾਸ ਪ੍ਰਸਤਾਵ ਸਵੀਕਾਰ ਕਰ ਲਿਆ ਗਿਆ ਹੈ। ਸਪੀਕਰ ਹਰਵਿੰਦਰ ਕਲਿਆਣ ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਿਆਂ ਇਸ ‘ਤੇ ਚਰਚਾ ਲਈ ਦੂਜੇ ਦਿਨ ਦਾ ਸਮਾਂ ਨਿਰਧਾਰਤ ਕਰ ਦਿੱਤਾ ਹੈ।

ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸਦਨ ਵਿੱਚ ਮੰਗ ਕੀਤੀ ਕਿ ਸੈਸ਼ਨ ਨੂੰ ਇੱਕ ਦਿਨ ਹੋਰ ਵਧਾਇਆ ਜਾਵੇ, ਤਾਂ ਜੋ ਸਾਰੇ ਵਿਧਾਇਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਪੂਰਾ ਸਮਾਂ ਮਿਲ ਸਕੇ। ਇਸ ‘ਤੇ ਸਪੀਕਰ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਲਾਹ-ਮਸ਼ਵਰਾ ਕੀਤਾ। ਮੁੱਖ ਮੰਤਰੀ ਦੀ ਸਹਿਮਤੀ ਤੋਂ ਬਾਅਦ ਸਪੀਕਰ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਲਈ ਨਿਰਧਾਰਤ ਸੈਸ਼ਨ ਨੂੰ ਦੋ ਹਿੱਸਿਆਂ ਵਿੱਚ ਚਲਾਇਆ ਜਾਵੇਗਾ।

ਫੈਸਲੇ ਮੁਤਾਬਕ, ਪਹਿਲਾ ਸੈਸ਼ਨ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ, ਜਦਕਿ ਦੂਜਾ ਸੈਸ਼ਨ ਦੁਪਹਿਰ ਦੇ ਖਾਣੇ ਤੋਂ ਬਾਅਦ 2 ਵਜੇ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਕਾਂਗਰਸੀ ਵਿਧਾਇਕ ਭਾਜਪਾ ਸਰਕਾਰ ਦੇ ਕੰਮਕਾਜ ਦੀਆਂ ਕਮੀਆਂ ‘ਤੇ ਖੁੱਲ੍ਹ ਕੇ ਚਰਚਾ ਕਰਨਗੇ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਵਧਦੀ ਬੇਰੁਜ਼ਗਾਰੀ, ਖੇਡਾਂ ਲਈ ਮਾੜੀਆਂ ਸਹੂਲਤਾਂ, ਪਾਣੀ ਭਰਨ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ, ਕਾਨੂੰਨ-ਵਿਵਸਥਾ ਦੀ ਸਥਿਤੀ, ਵਧਦਾ ਭ੍ਰਿਸ਼ਟਾਚਾਰ, ਚੰਡੀਗੜ੍ਹ ਵਿਵਾਦ ਅਤੇ ਐਸਵਾਈਐਲ ਵਰਗੇ ਅਹਿਮ ਮੁੱਦਿਆਂ ‘ਤੇ ਘਿਰੇਗੀ।

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਵਿੱਚ ਕੁੱਲ 90 ਸੀਟਾਂ ਹਨ। ਸੈਣੀ ਸਰਕਾਰ ਨੂੰ 48 ਭਾਜਪਾ ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਕਾਂਗਰਸ ਕੋਲ 37 ਵਿਧਾਇਕ ਹਨ, ਜਦਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਦੋ ਵਿਧਾਇਕ ਹਨ। ਭਾਵੇਂ ਸਰਕਾਰ ਦੇ ਡਿੱਗਣ ਦੀ ਸੰਭਾਵਨਾ ਘੱਟ ਮੰਨੀ ਜਾ ਰਹੀ ਹੈ, ਪਰ ਸਿਆਸੀ ਗਲਿਆਰਿਆਂ ਵਿੱਚ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਅਵਿਸ਼ਵਾਸ ਪ੍ਰਸਤਾਵ ‘ਤੇ ਇਨੈਲੋ ਵਿਧਾਇਕਾਂ ਦਾ ਰੁਖ ਕੀ ਰਹੇਗਾ।

Exit mobile version