ਹਡਾਣਾ ਵੱਲੋਂ 33 ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਪ੍ਰਮਾਣ ਪੱਤਰ ਵੰਡੇ

ਜਿੱਤ ਦੇ ਪ੍ਰਮਾਣ ਪੱਤਰ ਵੰਡ ਸਮਾਰੋਹ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਜੇਤੂ ਉਮੀਦਵਾਰ।
ਪਟਿਆਲਾ/ਸਨੌਰ: 19 ਦਸੰਬਰ (ਛਤਰਪਾਲ ਸਿੰਘ): ਹਲਕਾ ਸਨੌਰ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਮਗਰੋਂ ਅੱਜ ਜੇਤੂ ਉਮੀਦਵਾਰਾਂ ਲਈ ਜਿੱਤ ਦੇ ਪ੍ਰਮਾਣ ਪੱਤਰ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਜ਼ਿਲ੍ਹਾ ਪਰਿਸ਼ਦ ਦੇ 4 ਅਤੇ ਬਲਾਕ ਸੰਮਤੀ ਦੇ 29 ਉਮੀਦਵਾਰਾਂ ਸਮੇਤ ਕੁੱਲ 33 ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਪ੍ਰਮਾਣ ਪੱਤਰ ਸੌਂਪੇ।
ਸਮਾਰੋਹ ਦੌਰਾਨ ਜੇਤੂ ਉਮੀਦਵਾਰਾਂ, ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਡਾਣਾ ਨੇ ਕਿਹਾ ਕਿ ਇਹ ਜਿੱਤ ਸਿਰਫ਼ ਉਮੀਦਵਾਰਾਂ ਦੀ ਨਹੀਂ, ਸਗੋਂ ਪਾਰਟੀ ਵਰਕਰਾਂ ਦੀ ਮਿਹਨਤ, ਜਨਤਾ ਦੇ ਭਰੋਸੇ ਅਤੇ ਟੀਮ ਵਰਕ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਫ਼-ਸੁਥਰੀ ਅਤੇ ਵਿਕਾਸ-ਕੇਂਦਰਿਤ ਰਾਜਨੀਤੀ ਰਾਹੀਂ ਲੋਕਾਂ ਦਾ ਦਿਲ ਜਿੱਤਿਆ ਹੈ।
ਹਡਾਣਾ ਨੇ ਦੱਸਿਆ ਕਿ ਹਲਕੇ ਵਿੱਚ ਸੜਕਾਂ, ਗਲੀਆਂ, ਡਰੇਨਜ, ਪੀਣ ਵਾਲਾ ਪਾਣੀ, ਕਮਿਊਨਟੀ ਸੈਂਟਰਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਕੀਤੇ ਗਏ ਵਿਕਾਸੀ ਕੰਮਾਂ ਨੇ ਹੀ ਚੋਣੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜੇਤੂ ਨੁਮਾਇੰਦੇ ਹੁਣ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਹਰ ਵਰਗ ਦੀ ਆਵਾਜ਼ ਬਣਨਗੇ।
ਇਸ ਮੌਕੇ ਜੇਤੂ ਉਮੀਦਵਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਖੇਤਰਾਂ ਵਿੱਚ ਵਿਕਾਸੀ ਕੰਮਾਂ ਨੂੰ ਤਰਜੀਹ ਦੇਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਚੇਅਰਮੈਨ ਹਡਾਣਾ ਦੀ ਅਗਵਾਈ ਦੀ ਸਲਾਹਣਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਾਹਨੁਮਾਈ ਹੇਠ ਚੋਣ ਪ੍ਰਚਾਰ ਲੋਕ-ਕੇਂਦਰਿਤ ਅਤੇ ਪ੍ਰਭਾਵਸ਼ਾਲੀ ਰਿਹਾ।
ਅੰਤ ਵਿੱਚ ਚੇਅਰਮੈਨ ਹਡਾਣਾ ਨੇ ਸਾਰੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਇੱਕ ਨਵੀਂ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਲਕਾ ਸਨੌਰ ਨੂੰ ਵਿਕਾਸ ਦੇ ਨਵੇਂ ਮਾਪਦੰਡਾਂ ਤੱਕ ਲਿਜਾਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੋਵੇਗੀ।