-ਨਗਰ ਨਿਗਮ ਪਟਿਆਲਾ ਵੱਲੋਂ ਕੋਲ੍ਹਾ ਵਾਲਾ ਟੋਬਾ ਦੀ ਜ਼ਮੀਨ ਦਾ ਕਬਜ਼ਾ ਹਾਸਲ, ਵਿਕਾਸ ਯੋਜਨਾ ਤਹਿਤ ਉਪਰਾਲੇ ਸ਼ੁਰੂ
ਪਟਿਆਲਾ, 17 ਦਸੰਬਰ (ਜਗਜੀਤ ਸਿੰਘ) : ਨਗਰ ਨਿਗਮ ਪਟਿਆਲਾ ਵੱਲੋਂ ਰਾਜਪੁਰਾ ਰੋਡ ਸਥਿਤ ਕੋਲ੍ਹਾ ਵਾਲਾ ਟੋਬਾ ਇਲਾਕੇ ਵਿੱਚ ਨਗਰ ਨਿਗਮ ਦੀ ਮਾਲਕੀ ਵਾਲੀ ਲਗਭਗ 22 ਵਿਘੇ 1942 ਵਿਸਵੇ ਖਾਲੀ ਪਈ ਜ਼ਮੀਨ ਦਾ ਮਾਨਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਕਾਨੂੰਨੀ ਤੌਰ ‘ਤੇ ਕਬਜ਼ਾ ਹਾਸਲ ਕਰ ਲਿਆ ਗਿਆ ਹੈ। ਨਗਰ ਨਿਗਮ ਵੱਲੋਂ ਬੜੇ ਹੀ ਸ਼ਾਂਤਮਈ ਢੰਗ ਨਾਲ ਜ਼ਮੀਨ ਦੇ ਚਾਰੋਂ ਪਾਸੇ ਤਾਰਬੰਦੀ ਕਰਕੇ ਉਸਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਜ਼ਮੀਨ ਨਾਲ ਸੰਬੰਧਤ ਕੇਸ ਕਾਫ਼ੀ ਲੰਬੇ ਸਮੇਂ ਤੋਂ ਅਦਾਲਤ ਵਿੱਚ ਪੈਂਡਿੰਗ ਸੀ। ਨਗਰ ਨਿਗਮ ਵੱਲੋਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਲੜੇ ਗਏ ਇਸ ਮਾਮਲੇ ਵਿੱਚ ਹੁਣ ਅਦਾਲਤ ਨੇ ਨਗਰ ਨਿਗਮ ਪਟਿਆਲਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਫੈਸਲੇ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਕੀਮਤੀ ਸਰਕਾਰੀ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲਿਆ।
ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਨਗਰ ਨਿਗਮ ਵੱਲੋਂ ਕੋਲ੍ਹਾ ਵਾਲੇ ਟੋਬੇ ਨੂੰ ਭਰਨ ਲਈ ਮਿੱਟੀ ਪਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਇਲਾਕੇ ਵਿੱਚ ਪਾਣੀ ਖੜ੍ਹਾ ਰਹਿਣ, ਗੰਦਗੀ ਅਤੇ ਬਿਮਾਰੀਆਂ ਦੇ ਫੈਲਾਅ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ । ਅਧਿਕਾਰੀਆਂ ਦੇ ਅਨੁਸਾਰ ਟੋਬੇ ਨੂੰ ਭਰਨ ਤੋਂ ਬਾਅਦ ਇਸ ਜ਼ਮੀਨ ਨੂੰ ਆਮ ਲੋਕਾਂ ਦੀ ਸਹੂਲੀਅਤ ਲਈ ਵਰਤਣ ਵਾਸਤੇ ਇੱਕ ਸੁਚੱਜੀ ਅਤੇ ਦੂਰਦਰਸ਼ੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਉਪਰੋਕਤ ਨੇ ਕਿਹਾ ਕਿ ਕੋਲ੍ਹਾ ਵਾਲਾ ਟੋਬਾ ਦੀ ਜ਼ਮੀਨ ਨਗਰ ਨਿਗਮ ਦੀ ਮਾਲਕੀ ਸੀ ਅਤੇ ਲੰਬੇ ਸਮੇਂ ਤੋਂ ਇਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਅਦਾਲਤ ਦੇ ਇਨਸਾਫ਼ਪੂਰਕ ਫੈਸਲੇ ਨਾਲ ਹੁਣ ਨਗਰ ਨਿਗਮ ਨੂੰ ਕਾਨੂੰਨੀ ਹੱਕ ਮਿਲਿਆ ਹੈ।
ਉਪਰੋਕਤ ਨੇ ਹੋਰ ਦੱਸਿਆ ਕਿ ਕਮਿਸ਼ਨਰ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਇਸ ਜ਼ਮੀਨ ਦੀ ਬਿਹਤਰ ਪਲੈਨਿੰਗ ਲਈ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਭਵਿੱਖ ਵਿੱਚ ਇੱਥੇ ਪਾਰਕ ਜਾਂ ਹੋਰ ਜਨਤਕ ਸਹੂਲਤਾਂ ਵਿਕਸਤ ਕੀਤੀਆਂ ਜਾ ਸਕਣ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲੀਅਤ ਨੂੰ ਪਹਿਲ ਦੇ ਅਧਾਰ ‘ਤੇ ਯਕੀਨੀ ਬਣਾਏਗਾ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।







