Homeਸੰਸਾਰਆਸਟ੍ਰੇਲੀਆ ਗਈ ਕੈਥਲ ਦੀ 19 ਸਾਲਾ ਵਿਦਿਆਰਥਣ ਦੀ ਅਚਾਨਕ ਮੌਤ, ਪਰਿਵਾਰ ‘ਚ...

ਆਸਟ੍ਰੇਲੀਆ ਗਈ ਕੈਥਲ ਦੀ 19 ਸਾਲਾ ਵਿਦਿਆਰਥਣ ਦੀ ਅਚਾਨਕ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

ਕੈਥਲ/ਸਿਡਨੀ: 18 ਦਸੰਬਰ 2025 (ਸ਼.ਅ.ਬਿਓਰੋ): ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਸਿਰਸਲ ਦੀ ਰਹਿਣ ਵਾਲੀ 19 ਸਾਲਾ ਵਿਦਿਆਰਥਣ ਵੈਸ਼ਾਲੀ ਸ਼ਰਮਾ ਦੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਅਚਾਨਕ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਵੈਸ਼ਾਲੀ ਦੀ ਮੌਤ ਦਿਮਾਗੀ ਨਾੜੀ ਫਟਣ ਕਾਰਨ ਹੋਈ। ਘਟਨਾ ਵਾਪਰਨ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਵਿਦਿਆਰਥਣ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਵੈਸ਼ਾਲੀ ਕਰੀਬ ਤਿੰਨ ਮਹੀਨੇ ਪਹਿਲਾਂ ਉੱਚ ਸਿੱਖਿਆ ਹਾਸਲ ਕਰਨ ਲਈ ਆਸਟ੍ਰੇਲੀਆ ਗਈ ਸੀ। ਵੈਸ਼ਾਲੀ ਕਾਫ਼ੀ ਸਮੇਂ ਤੋਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਜ਼ਾਹਰ ਕਰ ਰਹੀ ਸੀ। ਧੀ ਦੇ ਸੁਪਨੇ ਪੂਰੇ ਕਰਨ ਲਈ ਪਰਿਵਾਰ ਨੇ ਲਗਭਗ 20.5 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਸਿਡਨੀ ਭੇਜਿਆ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ, ਵੈਸ਼ਾਲੀ ਬੀ.ਕਾਮ ਦੀ ਪੜ੍ਹਾਈ ਕਰ ਰਹੀ ਸੀ। ਉਸ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਬੀ.ਕਾਮ ਦਾ ਪਹਿਲਾ ਸਾਲ ਪੂਰਾ ਕੀਤਾ ਸੀ ਅਤੇ ਸਿਡਨੀ ਦੇ ਇੱਕ ਕਾਲਜ ਵਿੱਚ ਬੀ.ਕਾਮ ਦੇ ਦੂਜੇ ਸਾਲ ਲਈ ਦਾਖ਼ਲਾ ਲਿਆ ਹੋਇਆ ਸੀ। ਉਹ ਉੱਥੇ ਰਹਿ ਕੇ ਪੜ੍ਹਾਈ ਦੇ ਨਾਲ ਆਪਣਾ ਭਵਿੱਖ ਸੰਵਾਰ ਰਹੀ ਸੀ।

ਧੀ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ‘ਚ ਮਾਤਮ ਛਾ ਗਿਆ ਹੈ। ਵੈਸ਼ਾਲੀ ਦੀ ਮਾਂ ਮੀਨਾ ਦੇਵੀ ਇੱਕ ਘਰੇਲੂ ਔਰਤ ਹੈ, ਜਦਕਿ ਪਰਿਵਾਰ ਵਿੱਚ ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਹਨ। ਇਕ ਭੈਣ 11 ਸਾਲ ਦੀ ਹੈ ਅਤੇ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਹੈ, ਜਦਕਿ ਦੂਜੀ 9 ਸਾਲ ਦੀ ਹੈ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਹੈ।

ਪਿੰਡ ਅਤੇ ਇਲਾਕੇ ਵਿੱਚ ਵੈਸ਼ਾਲੀ ਦੀ ਮੌਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਹੁਣ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਧੀ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ, ਤਾਂ ਜੋ ਆਖ਼ਰੀ ਸੰਸਕਾਰ ਕੀਤਾ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments