ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ ਗਿਣਤੀ ਕੇਂਦਰਾਂ ਦਾ ਜਾਇਜ਼ਾ
ਪਟਿਆਲਾ, 17 ਦਸੰਬਰ (ਛਤਰਪਾਲ ਸਿੰਘ): ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਰਾਤ ਤੱਕ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਗਈ। ਇਸ ਦੌਰਾਨ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਭਾ ਅਤੇ ਪਟਿਆਲਾ ਸਥਿਤ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਗਿਣਤੀ ਪ੍ਰਕ੍ਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ’ਤੇ ਮਾਈਕਰੋ ਆਬਜ਼ਰਵਰਾਂ ਵੱਲੋਂ ਪੂਰੀ ਪ੍ਰਕ੍ਰਿਆ ’ਤੇ ਸਖ਼ਤ ਨਿਗਰਾਨੀ ਰੱਖੀ ਗਈ।
ਵੱਖ-ਵੱਖ ਗਿਣਤੀ ਕੇਂਦਰਾਂ ’ਤੇ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਈ ਵੋਟਾਂ ਦੀ ਗਿਣਤੀ ਦੀ ਸਮੁੱਚੀ ਦੇਖ-ਰੇਖ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਨੇ ਕੀਤੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਚੋਣ ਅਮਲੇ, ਵੋਟਰਾਂ ਅਤੇ ਉਮੀਦਵਾਰਾਂ ਦਾ ਧੰਨਵਾਦ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਦੇ ਵੋਟਰਾਂ, ਚੋਣ ਅਮਲੇ ਦੇ ਸਮੁੱਚੇ ਕਰਮਚਾਰੀਆਂ, ਅਧਿਕਾਰੀਆਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਵੱਲੋਂ ਪੂਰਾ ਸਹਿਯੋਗ ਮਿਲਿਆ, ਜਿਸ ਨਾਲ ਸਮੁੱਚੀ ਪ੍ਰਕ੍ਰਿਆ ਨਿਰਵਿਘਨ ਅਤੇ ਅਮਨ-ਅਮਾਨ ਨਾਲ ਸੰਪੰਨ ਹੋਈ।
ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਸਮੇਤ ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ
ਗਿਣਤੀ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਅਤੇ ਪਟਿਆਲਾ ਦੇ ਸਮੂਹ ਐਸ.ਪੀਜ਼ ਵੱਲੋਂ ਖੁਦ ਕੀਤੀ ਗਈ। ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਾਰੀ ਪ੍ਰਕ੍ਰਿਆ ਪੂਰੀ ਤਰ੍ਹਾਂ ਸ਼ਾਂਤਮਈ ਰਹੀ।
ਹੁਣ ਤੱਕ ਆਏ ਨਤੀਜੇ
ਰਾਜਪੁਰਾ ਬਲਾਕ ਸੰਮਤੀ ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ ਅਨੁਸਾਰ ਰਾਜਪੁਰਾ ਬਲਾਕ ਦੇ 15 ਜੋਨਾਂ ਵਿੱਚੋਂ 6 ’ਤੇ ਆਮ ਆਦਮੀ ਪਾਰਟੀ, 8 ’ਤੇ ਕਾਂਗਰਸ ਅਤੇ 1 ਜੋਨ ’ਤੇ ਸ੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਇਸ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਦੇ 1 ਜੋਨ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ।
ਐਸ.ਡੀ.ਐਮ. ਦੂਧਨਸਾਧਾਂ ਤੇ ਸਨੌਰ ਦੇ ਆਰ.ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਸਨੌਰ ਬਲਾਕ ਦੇ 19 ਜੋਨਾਂ ਵਿੱਚੋਂ 14 ’ਤੇ ਆਮ ਆਦਮੀ ਪਾਰਟੀ, 2 ’ਤੇ ਕਾਂਗਰਸ ਅਤੇ 3 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜ਼ਿਲ੍ਹਾ ਪਰਿਸ਼ਦ ਦੇ 2 ਜੋਨਾਂ ’ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ।
ਭੁਨਰਹੇੜੀ ਬਲਾਕ ਦੇ ਰਿਟਰਨਿੰਗ ਅਫ਼ਸਰ-ਕਮ-ਏ.ਐਮ.ਡੀ. ਪੀ.ਆਰ.ਟੀ.ਸੀ. ਨਵਦੀਪ ਕੁਮਾਰ ਨੇ ਦੱਸਿਆ ਕਿ ਭੁਨਰਹੇੜੀ ਬਲਾਕ ਦੇ 19 ਜੋਨਾਂ ਵਿੱਚੋਂ 15 ’ਤੇ ਆਮ ਆਦਮੀ ਪਾਰਟੀ, 2 ’ਤੇ ਕਾਂਗਰਸ, 1 ’ਤੇ ਸ੍ਰੋਮਣੀ ਅਕਾਲੀ ਦਲ ਅਤੇ 1 ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਜ਼ਿਲ੍ਹਾ ਪਰਿਸ਼ਦ ਦੇ 2 ਜੋਨਾਂ ’ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।







