Home ਪਟਿਆਲਾ ਅਪਡੇਟ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਕਰਨ ਵੱਲ ਨਗਰ ਨਿਗਮ ਪਟਿਆਲਾ ਦਾ ਵੱਡਾ...

ਸੀਸੀਟੀਵੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਕਰਨ ਵੱਲ ਨਗਰ ਨਿਗਮ ਪਟਿਆਲਾ ਦਾ ਵੱਡਾ ਕਦਮ

0

ਫਾਈਬਰ ਕੈਮਰਿਆਂ ਨਾਲ ਜੁੜਨ ਨਾਲ ਘਟੇਗਾ ਖਰਚਾ, ਵਧੇਗੀ ਕਾਰਗੁਜ਼ਾਰੀ

ਪਟਿਆਲਾ, 16 ਦਸੰਬਰ (ਜਗਜੀਤ ਸਿੰਘ) — ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਲਈ ਨਗਰ ਨਿਗਮ ਪਟਿਆਲਾ ਵੱਲੋਂ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਸੁਚੱਜਾ ਅਤੇ ਆਧੁਨਿਕ ਬਣਾਉਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਸਮੇਂ ਸ਼ਹਿਰ ਦੇ ਮੁੱਖ ਚੌਕਾਂ, ਡੰਪ ਸਾਈਟਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਲਗਭਗ 179 ਸੀਸੀਟੀਵੀ ਕੈਮਰੇ ਸਥਾਪਿਤ ਹਨ, ਜਿਨ੍ਹਾਂ ਰਾਹੀਂ ਟ੍ਰੈਫਿਕ, ਸਫ਼ਾਈ ਅਤੇ ਸੁਰੱਖਿਆ ਨਾਲ ਸਬੰਧਤ ਗਤੀਵਿਧੀਆਂ ’ਤੇ ਨਿਗਾਹ ਰੱਖੀ ਜਾ ਰਹੀ ਹੈ।

ਨਗਰ ਨਿਗਮ ਦੇ ਮੇਅਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸੀਸੀਟੀਵੀ ਕੈਮਰਿਆਂ ਦੇ ਇੰਟਰਨੈਟ ਕੁਨੈਕਸ਼ਨਾਂ ’ਤੇ ਹਰ ਸਾਲ ਕਰੀਬ 20 ਤੋਂ 22 ਲੱਖ ਰੁਪਏ ਦਾ ਖਰਚਾ ਆ ਰਿਹਾ ਹੈ। ਵਧਦੇ ਖਰਚੇ ਨੂੰ ਦੇਖਦਿਆਂ ਨਗਰ ਨਿਗਮ ਵੱਲੋਂ ਹੁਣ ਇੱਕ ਨਵੀਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਅਧੀਨ ਆਪਟੀਕਲ ਤਾਰਾਂ ’ਤੇ ਚੱਲ ਰਹੇ ਮੌਜੂਦਾ ਸਿਸਟਮ ਨੂੰ ਫਾਈਬਰ (ਫਾਈਵਰ) ਕੈਮਰਾ ਪ੍ਰਣਾਲੀ ਨਾਲ ਜੋੜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਲਈ ਵੱਖ-ਵੱਖ ਕੰਪਨੀਆਂ ਤੋਂ ਕੁਟੇਸ਼ਨ ਮੰਗੀਆਂ ਜਾਣਗੀਆਂ, ਤਾਂ ਜੋ ਸਭ ਤੋਂ ਉੱਤਮ ਅਤੇ ਘੱਟ ਖਰਚ ਵਾਲਾ ਵਿਕਲਪ ਚੁਣਿਆ ਜਾ ਸਕੇ। ਅਧਿਕਾਰੀਆਂ ਅਨੁਸਾਰ ਫਾਈਬਰ ਕੈਮਰਾ ਪ੍ਰਣਾਲੀ ਨਾਲ ਇੱਕ ਪਾਸੇ ਇੰਟਰਨੈਟ ਬਿੱਲਾਂ ’ਤੇ ਆਉਣ ਵਾਲਾ ਵੱਡਾ ਖਰਚਾ ਕਾਫ਼ੀ ਹੱਦ ਤੱਕ ਘਟੇਗਾ, ਜਦਕਿ ਦੂਜੇ ਪਾਸੇ ਕੈਮਰਿਆਂ ਦੀ ਕਾਰਗੁਜ਼ਾਰੀ ਅਤੇ ਡਾਟਾ ਟ੍ਰਾਂਸਮਿਸ਼ਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ।

ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਪ੍ਰਣਾਲੀ ਨਾਲ ਲਾਈਵ ਫੀਡ ਹੋਰ ਸਪਸ਼ਟ ਹੋਵੇਗੀ ਅਤੇ ਤਕਨੀਕੀ ਖ਼ਰਾਬੀ ਦੀ ਸੰਭਾਵਨਾ ਘੱਟ ਰਹੇਗੀ। ਇਸ ਨਾਲ ਸ਼ਹਿਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ, ਕੂੜਾ ਸੁੱਟਣ, ਟ੍ਰੈਫਿਕ ਉਲੰਘਣਾਂ ਅਤੇ ਹੋਰ ਸਮੱਸਿਆਵਾਂ ’ਤੇ ਤੁਰੰਤ ਕਾਰਵਾਈ ਕਰਨਾ ਆਸਾਨ ਹੋ ਜਾਵੇਗਾ।

ਮੇਅਰ ਨੇ ਕਿਹਾ ਕਿ ਪਟਿਆਲਾ ਨੂੰ ਸਾਫ਼, ਸੁਰੱਖਿਅਤ ਅਤੇ ਸੁਚੱਜਾ ਸ਼ਹਿਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਸਮੇਂ ਦੀ ਲੋੜ ਹੈ। ਫਾਈਬਰ ਕੈਮਰਾ ਪ੍ਰੋਜੈਕਟ ਨਾਲ ਨਗਰ ਨਿਗਮ ਦੇ ਵਿੱਤੀ ਸਰੋਤਾਂ ਦੀ ਬਚਤ ਹੋਵੇਗੀ ਅਤੇ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਬਣੇਗੀ।

ਫੋਟੋ ਕੈਪਸ਼ਨ: ਮੀਟਿੰਗ ਦੌਰਾਨ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਸਬੰਧੀ ਚਰਚਾ ਕਰਦੇ ਹੋਏ ਨਗਰ ਨਿਗਮ ਪਟਿਆਲਾ ਦੇ ਮੇਅਰ ਅਤੇ ਹੋਰ ਅਧਿਕਾਰੀ।

Exit mobile version