Home ਪੰਜਾਬ ਪੰਜਾਬ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਵੋਟਾਂ ਦੀ ਗਿਣਤੀ...

ਪੰਜਾਬ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਵੋਟਾਂ ਦੀ ਗਿਣਤੀ ਜਾਰੀ

0

12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਪੰਜਾਬ: 17 ਦਸੰਬਰ (ਛਤਰਪਾਲ ਸਿੰਘ) : ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸੂਬੇ ਭਰ ਦੇ 12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਚੋਣ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ਵਿੱਚ ਕੁੱਲ 154 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਕਰਵਾਈ ਜਾ ਰਹੀ ਹੈ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਹਰ ਰਾਊਂਡ ਮਗਰੋਂ ਨਤੀਜੇ ਤੁਰੰਤ ਜਨਤਕ ਕੀਤੇ ਜਾਣ।

ਅਪਡੇਟਸ:

  • ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਭੁੰਬਲੀ ਬਲਾਕ ਸੰਮਤੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਨੇ ਜਿੱਤ ਹਾਸਲ ਕੀਤੀ।
  • ਮੋਗਾ ਬਲਾਕ ਸੰਮਤੀ ਦੇ ਜੋਨ ਨੰਬਰ 2 ਵਿੱਚ ਅਕਾਲੀ ਦਲ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਢਿੱਲੋਂ ਜੇਤੂ ਰਹੇ। ਦੌਲਤਪੁਰਾ ਖੇਤਰ ਤੋਂ ਚੋਣ ਲੜ ਰਹੇ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਦੇ ਨਜ਼ਦੀਕੀ ਅੰਤਰ ਨਾਲ ਹਰਾਇਆ।
  • ਗੁਰਦਾਸਪੁਰ ਹਲਕੇ ਦੀ ਬਲਾਕ ਸੰਮਤੀ ਵਿੱਚ ਕੁੱਲ 21 ਮੈਂਬਰ ਹਨ, ਜਿਨ੍ਹਾਂ ਵਿੱਚੋਂ 15 ਮੈਂਬਰ ਬਿਨਾਂ ਮੁਕਾਬਲੇ ਜਿੱਤ ਚੁੱਕੇ ਹਨ। ਇਹ ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ, ਜਦਕਿ 6 ਮੈਂਬਰਾਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ।
  • ਪਟਿਆਲਾ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੰਗਾਮਾ ਹੋਇਆ, ਜਿੱਥੇ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਝੜਪ ਦੀ ਖ਼ਬਰ ਮਿਲੀ ਹੈ।
  • ਬਲਾਕ ਸੰਮਤੀ ਦਾ ਪਹਿਲਾ ਨਤੀਜਾ ਸਾਹਮਣੇ ਆਇਆ, ਜਿਸ ਅਨੁਸਾਰ ਰੋਪੜ ਦੇ ਜੋਨ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ ਜੇਤੂ ਰਹੀ।
  • ਅੰਮ੍ਰਿਤਸਰ ਦੇ ਮਜੀਠਾ ਵਿੱਚ ਮਤਗਣਨਾ ਕੇਂਦਰ ਦੇ ਸਟਰਾਂਗ ਰੂਮ ’ਤੇ ਤਾਲਾ ਲੱਗਿਆ ਹੋਇਆ ਹੈ।
  • ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਮਤਗਣਨਾ ਕੇਂਦਰ ਵਿੱਚ ਬੈਠਣ ਨੂੰ ਲੈ ਕੇ ਵਿਵਾਦ ਦੀ ਸਥਿਤੀ ਬਣੀ।

ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲਗਭਗ 10,500 ਕਰਮਚਾਰੀ ਮਤਗਣਨਾ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸਿਰਫ਼ ਪਿੰਡਾਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਪਾਰਟੀਆਂ ਦੀ ਪਕੜ ਨੂੰ ਹੀ ਨਹੀਂ ਦਰਸਾਉਣਗੇ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਮਹੱਤਵਪੂਰਨ ਸੰਕੇਤ ਮੰਨੇ ਜਾਣਗੇ।

Exit mobile version