10 ਗਿਣਤੀ ਕੇਂਦਰਾਂ ’ਤੇ ਸਾਰੇ ਪ੍ਰਬੰਧ ਮੁਕੰਮਲ: ਡਾ. ਪ੍ਰੀਤੀ ਯਾਦਵ
ਪਟਿਆਲਾ, 16 ਦਸੰਬਰ: ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਬਲਾਕ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਨਿਰਪੱਖ, ਸੁਤੰਤਰ ਅਤੇ ਸੁਰੱਖਿਅਤ ਢੰਗ ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ 10 ਗਿਣਤੀ ਕੇਂਦਰਾਂ ’ਤੇ 14-14 ਮੇਜ਼ਾਂ ਲਗਾਈਆਂ ਗਈਆਂ ਹਨ ਅਤੇ ਸੁਪਰਵਾਈਜ਼ਰਾਂ, ਸਹਾਇਕ ਅਮਲੇ ਸਮੇਤ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਸਮੂਹ ਅਮਲੇ ਨੂੰ ਗਿਣਤੀ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਚੁੱਕਾ ਹੈ।
ਉਨ੍ਹਾਂ ਅਨੁਸਾਰ, ਪਟਿਆਲਾ ਬਲਾਕ ਸੰਮਤੀ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਐਸ.ਡੀ.ਐਮ ਪਟਿਆਲਾ ਹਰਜੋਤ ਕੌਰ ਮਾਵੀ ਦੀ ਅਗਵਾਈ ਹੇਠ ਹੋਵੇਗੀ, ਜਦਕਿ ਪਟਿਆਲਾ ਦਿਹਾਤੀ ਦੀ ਗਿਣਤੀ ਸਰਕਾਰੀ ਆਈ.ਟੀ.ਆਈ ਨਾਭਾ ਰੋਡ ’ਤੇ ਰਿਟਰਨਿੰਗ ਅਧਿਕਾਰੀ ਇੰਜੀ. ਵਨੀਤ ਸਿੰਗਲਾ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਨਾਭਾ ਬਲਾਕ ਦੀ ਗਿਣਤੀ ਰਿਪੁਦਮਨ ਕਾਲਜ ਨਾਭਾ ਵਿਖੇ ਐਸ.ਡੀ.ਐਮ ਕੰਨੂ ਗਰਗ ਦੀ ਦੇਖ-ਰੇਖ ਹੇਠ ਹੋਏਗੀ।
ਇਸ ਤੋਂ ਇਲਾਵਾ, ਸਨੌਰ ਬਲਾਕ ਦੀ ਗਿਣਤੀ ਐਸ.ਡੀ.ਐਮ ਦੁਧਨਸਾਧਾਂ ਸੁਖਪਾਲ ਸਿੰਘ, ਭੁਨਰਹੇੜੀ ਬਲਾਕ ਦੀ ਗਿਣਤੀ ਏ.ਐਮ.ਡੀ ਪੀਆਰਟੀਸੀ ਨਵਦੀਪ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਐਸ.ਐਸ.ਟੀ ਨਗਰ ਵਿਖੇ, ਰਾਜਪੁਰਾ ਦੀ ਗਿਣਤੀ ਮਿੰਨੀ ਸਕੱਤਰੇਤ ਰਾਜਪੁਰਾ ’ਚ ਐਸ.ਡੀ.ਐਮ ਨਮਨ ਮਾਰਕੰਨ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਸਮਾਣਾ ਬਲਾਕ ਦੀ ਗਿਣਤੀ ਪਬਲਿਕ ਕਾਲਜ ਸਮਾਣਾ ਵਿਖੇ ਐਸ.ਡੀ.ਐਮ ਰਿਚਾ ਗੋਇਲ ਦੀ ਦੇਖ-ਰੇਖ ਹੇਠ ਅਤੇ ਪਾਤੜਾਂ ਦੀ ਗਿਣਤੀ ਕਿਰਤੀ ਕਾਲਜ ਨਿਆਲ ਵਿਖੇ ਐਸ.ਡੀ.ਐਮ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਹੋਵੇਗੀ। ਘਨੌਰ ਅਤੇ ਸ਼ੰਭੂ ਕਲਾਂ ਬਲਾਕਾਂ ਦੀ ਗਿਣਤੀ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸੰਬੰਧਤ ਰਿਟਰਨਿੰਗ ਅਧਿਕਾਰੀਆਂ ਦੀ ਅਗਵਾਈ ਹੇਠ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਬਲਾਕ ਸੰਮਤੀਆਂ ਲਈ 606 ਅਤੇ ਜ਼ਿਲ੍ਹਾ ਪਰਿਸ਼ਦ ਲਈ 113 ਉਮੀਦਵਾਰ ਮੈਦਾਨ ਵਿੱਚ ਸਨ। ਬਲਾਕ ਸੰਮਤੀਆਂ ਦੇ 15 ਚੋਣ ਹਲਕਿਆਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ, ਜਦਕਿ ਬਾਕੀ 169 ਹਲਕਿਆਂ ਵਿੱਚ ਵੋਟਾਂ ਪਈਆਂ।







