Home ਦੇਸ਼ ਦਿੱਲੀ ’ਚ ਗੰਭੀਰ ਪ੍ਰਦੂਸ਼ਣ ਅਤੇ ਸੰਘਣੀ ਧੁੰਦ ਕਾਰਨ IGI ਹਵਾਈ ਅੱਡੇ ਤੋਂ...

ਦਿੱਲੀ ’ਚ ਗੰਭੀਰ ਪ੍ਰਦੂਸ਼ਣ ਅਤੇ ਸੰਘਣੀ ਧੁੰਦ ਕਾਰਨ IGI ਹਵਾਈ ਅੱਡੇ ਤੋਂ 228 ਉਡਾਣਾਂ ਰੱਦ

0

ਇੰਡੀਗੋ ਵੱਲੋਂ ਯਾਤਰੀਆਂ ਲਈ ਸਲਾਹ ਜਾਰੀ

ਨਵੀਂ ਦਿੱਲੀ: 16 ਦਸੰਬਰ (ਚੌਧਰੀ ਪ੍ਰਭਜੀਤ ਸਿੰਘ) : ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋਣ ਕਾਰਨ ਹਾਲਾਤ ਗੰਭੀਰ ਬਣ ਗਏ ਹਨ। ਰਾਜਧਾਨੀ ’ਚ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਸੋਮਵਾਰ ਸਵੇਰੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI) 498 ਤੱਕ ਪਹੁੰਚ ਗਿਆ, ਜਦਕਿ ਸ਼ਾਮ ਤੱਕ ਇਹ 427 ਦਰਜ ਕੀਤਾ ਗਿਆ, ਜਿਸ ਨਾਲ ਸ਼ਹਿਰ “ਗੰਭੀਰ” ਪ੍ਰਦੂਸ਼ਣ ਸ਼੍ਰੇਣੀ ਵਿੱਚ ਆ ਗਿਆ।

ਜ਼ਹਿਰੀਲੇ ਧੂੰਏਂ ਅਤੇ ਘੱਟ ਦ੍ਰਿਸ਼ਟੀ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ’ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਘੱਟ ਦ੍ਰਿਸ਼ਟੀ ਦੇ ਚਲਦੇ 228 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ 5 ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਗਿਆ। ਦਿੱਲੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਮੰਨਿਆ ਜਾਂਦਾ ਹੈ, ਜਿਥੇ ਰੋਜ਼ਾਨਾ ਲਗਭਗ 1,300 ਉਡਾਣਾਂ ਦੀ ਆਵਾਜਾਈ ਹੁੰਦੀ ਹੈ।

ਇੰਡੀਗੋ ਏਅਰਲਾਈਨ ਨੇ ਕਿਹਾ ਕਿ ਸਵੇਰੇ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟੀ ਕਾਰਨ ਹਵਾਈ ਆਵਾਜਾਈ ਵਿੱਚ ਵੱਡਾ ਵਿਘਨ ਪਿਆ, ਜਿਸ ਕਰਕੇ ਦਿਨ ਭਰ ਸੁਰੱਖਿਅਤ ਅਤੇ ਸੁਚੱਜੇ ਓਪਰੇਸ਼ਨ ਨੂੰ ਯਕੀਨੀ ਬਣਾਉਣ ਲਈ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ। ਏਅਰਲਾਈਨ ਨੇ ਯਾਤਰੀਆਂ ਨੂੰ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਲਈ ਵੈੱਬਸਾਈਟ ਜਾਂ ਮੋਬਾਈਲ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਉਡਾਣਾਂ ਦੇ ਰੱਦ ਹੋਣ ਕਾਰਨ ਦਿੱਲੀ ਹਵਾਈ ਅੱਡੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਈ ਯਾਤਰੀ ਹਵਾਈ ਅੱਡੇ ’ਤੇ ਫਸੇ ਰਹੇ ਅਤੇ ਆਪਣੇ ਸਮਾਨ ਲਈ ਘੰਟਿਆਂ ਤੱਕ ਉਡੀਕ ਕਰਨੀ ਪਈ। ਪ੍ਰਸ਼ਾਸਨ ਅਤੇ ਏਅਰਲਾਈਨ ਕੰਪਨੀਆਂ ਵੱਲੋਂ ਸਥਿਤੀ ਨੂੰ ਸੰਭਾਲਣ ਲਈ ਕੋਸ਼ਿਸ਼ਾਂ ਜਾਰੀ ਹਨ।

Exit mobile version