Home ਪੰਜਾਬ ਵੀਜ਼ਾ ਰੱਦ ਹੋਣ ਦੀ ਨਿਰਾਸ਼ਾ ਬਣੀ ਮੌਤ ਦਾ ਕਾਰਨ, ਲੁਧਿਆਣਾ ‘ਚ 20...

ਵੀਜ਼ਾ ਰੱਦ ਹੋਣ ਦੀ ਨਿਰਾਸ਼ਾ ਬਣੀ ਮੌਤ ਦਾ ਕਾਰਨ, ਲੁਧਿਆਣਾ ‘ਚ 20 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

0

ਲੁਧਿਆਣਾ , 15 ਦਸੰਬਰ: (ਜਗਦੇਵ ਰੰਚਨਾਂ): ਵਿਦੇਸ਼ ਜਾਣ ਦਾ ਸੁਪਨਾ ਟੁੱਟਣ ਕਾਰਨ ਇਕ 20 ਸਾਲਾ ਨੌਜਵਾਨ ਨੇ ਅਤਿ ਕਦਮ ਚੁੱਕ ਲਿਆ। ਵੀਜ਼ਾ ਰੱਦ ਹੋਣ ਨਾਲ ਮਨੋਂ ਟੁੱਟੇ ਨੌਜਵਾਨ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਲੁਧਿਆਣਾ ਦੇ ਥਾਣਾ ਦਰੇਸੀ ਖੇਤਰ ਅਧੀਨ ਮੁਹੱਲਾ ਭਗਵਾਨ ਵਾਲਮੀਕੀ ਨਗਰ ਦੀ ਹੈ।

ਥਾਣਾ ਦਰੇਸੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਾਸੂ ਵਜੋਂ ਹੋਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਪੁਲਿਸ ਅਨੁਸਾਰ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਾਸੂ ਵਿਦੇਸ਼ ਜਾਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਸ ਦਾ ਵੀਜ਼ਾ ਦੋ ਵਾਰ ਰੱਦ ਹੋ ਚੁੱਕਾ ਸੀ। ਹਾਲ ਹੀ ਵਿੱਚ ਉਸ ਨੇ ਤੀਜੀ ਵਾਰ ਵਿਦੇਸ਼ ਜਾਣ ਲਈ ਯਤਨ ਸ਼ੁਰੂ ਕੀਤੇ ਸਨ, ਪਰ ਇਸ ਵਾਰ ਵੀ ਵੀਜ਼ਾ ਰੱਦ ਹੋਣ ਦੀ ਖ਼ਬਰ ਮਿਲਣ ‘ਤੇ ਉਹ ਕਾਫੀ ਨਿਰਾਸ਼ ਅਤੇ ਪਰੇਸ਼ਾਨ ਰਹਿਣ ਲੱਗ ਪਿਆ।

ਸਵੇਰੇ ਜਦੋਂ ਪਰਿਵਾਰਕ ਮੈਂਬਰ ਉਸ ਦੇ ਕਮਰੇ ਵਿੱਚ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਵਾਸੂ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਥਾਣਾ ਮੁਖੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Exit mobile version