ਸਾਹਿਤ ਸਭਾ ਤਿੰਨ ਪੀੜ੍ਹੀਆਂ ਦੇ ਕਲਮਕਾਰਾਂ ਦਾ ਉਸਾਰੂ ਪਲੇਟਫਾਰਮ — ਡਾ. ਦਰਸ਼ਨ ਸਿੰਘ ‘ਆਸ਼ਟ’
ਪਟਿਆਲਾ,14 ਦਸੰਬਰ 2025 (ਛਤਰਪਾਲ ਸਿੰਘ) : ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪਟਿਆਲਾ ਵਿਖੇ ਨਾਵਲਕਾਰ ਕੁਲਦੀਪ ਕੌਰ ਭੁੱਲਰ ਦੇ ਨਵੇਂ ਨਾਵਲ ‘ਇਸਤਰੀ ਕਥਾ’ ਦਾ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡੀ.ਏ.ਵੀ.ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਵਿਵੇਕ ਤਿਵਾਰੀ,ਉਘੇ ਸਮਾਜ ਸੇਵੀ ਸ੍ਰੀ ਭਗਵਾਨ ਦਾਸ ਗੁਪਤਾ, ਬੈਰਿਸਟਰ ਤੇ ਸੋਲਿਸਟਰ ਪਰਮਜੀਤ ਸਿੰਘ ਗਿੱਲ (ਕੈਨੇਡਾ),ਉਘੇ ਨਾਵਲਕਾਰ ਪਰਗਟ ਸਿੰਘ ਸਿੱਧੂ (ਬਰਨਾਲਾ),ਬਹੁਪੱਖੀ ਲੇਖਕ ਸੁਖਦੇਵ ਸਿੰਘ ਸ਼ਾਂਤ (ਅਮਰੀਕਾ), ਪ੍ਰੋ. ਹਰਜਸਪ੍ਰੀਤ ਕੌਰ ਗਿੱਲ (ਕੈਨੇਡਾ) ਅਤੇ ਹਰਪਾਲ ਸਿੰਘ ਸੇਵਕ (ਸ੍ਰੀ ਭੈਣੀ ਸਾਹਿਬ) ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਦੇਸ—ਵਿਦੇਸ ਤੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕੁਲਦੀਪ ਕੌਰ ਭੁੱਲਰ ਦੇ ਇਸ ਨਾਵਲ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਸਭਾ ਤਿੰਨ ਪੀੜ੍ਹੀਆਂ ਨੂੰ ਇਕ ਉਸਾਰੂ ਪਲੇਟਫਾਰਮ ਤੋਂ ਇਕੱਠਾ ਕਰਕੇ ਪਿਛਲੇ ਸੱਤ ਦਹਾਕਿਆਂ ਤੋਂ ਲਗਾਤਾਰ ਮਾਤ—ਭਾਸ਼ਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿਚ ਸ਼ਿੱਦਤ ਨਾਲ ਯੋਗਦਾਨ ਪਾਉਂਦੀ ਆ ਰਹੀ ਹੈ।ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਭੁੱਲਰ ਦੀ ਲੇਖਣੀ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਨਾਵਲ ਇਸਤਰੀ ਭਾਵਨਾਵਾਂ ਨੂੰ ਬਹੁਤ ਨੇੜਿਉਂ ਰੂਪਮਾਨ ਕਰਦਾ ਹੈ ਅਤੇ ਨਾਰੀ ਮਨ ਦੀ ਪਛਾਣ ਨੂੰ ਦ੍ਰਿੜ੍ਹ ਕਰਵਾਉਂਦਾ ਹੈ।ਹਰ ਪੱਖ ਤੋਂ ਭਰਵਾਂ ਸਹਿਯੋਗ ਦੇਣ ਵਾਲੇ ਸ੍ਰੀ ਭਗਵਾਨ ਦਾ ਗੁਪਤਾ ਦਾ ਕਹਿਣਾ ਸੀ ਕਿ ਸਾਹਿਤ ਸਭਾ ਦੇ ਅਜਿਹੇ ਸਮਾਗਮ ਸਾਹਿਤਕ ਸੰਤੁਲਨ ਬਰਕਰਾਰ ਰੱਖਦੇ ਹੋਏ ਸਮਾਜ ਨੂੰ ਨਿੱਗਰ ਸੇਧ ਦਿੰਦੇ ਹਨ।ਕੈਨੇਡਾ ਤੋਂ ਉਚੇਚੇ ਤੌਰ ਤੇ ਪਹੁੰਚੇ ਪਰਮਜੀਤ ਸਿੰਘ ਗਿੱਲ ਨੇ ਤਰੰਨੁਮ ਵਿਚ ਖ਼ੂਬਸੂਰਤ ਗ਼ਜ਼ਲ ਸਾਝੀ ਕਰਨ ਉਪਰੰਤ ਧਾਰਣਾ ਪ੍ਰਗਟ ਕੀਤੀ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਨੇ ਆਪਣੀ ਸਾਹਿਤਕ ਖ਼ੁਸ਼ਬੋਈ ਨਾਲ ਉਨ੍ਹਾਂ ਨੂੰ ਕੈਨੇਡਾ ਤੋਂ ਖਿੱਚ ਕੇ ਇਸ ਗੋਸ਼ਟੀ ਵਿਚ ਲਿਆ ਕੇ ਸਕੂਨ ਪ੍ਰਦਾਨ ਕੀਤਾ ਹੈ।ਪ੍ਰਸਿੱਧ ਨਾਵਲਕਾਰ ਪ੍ਰਗਟ ਸਿੰਘ ਸਿੱਧੂ ਦਾ ਮਤ ਸੀ ਕਿ ਭੁੱਲਰ ਨੂੰ ਔਰਤ ਦੀ ਮਨੋਵੇਦਨਾ ਅਤੇ ਯਥਾਰਥ ਨੂੰ ਪੇਸ਼ ਕਰਨ ਵਾਲੇ ਅਜਿਹੇ ਹੋਰ ਨਾਵਲਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪ੍ਰੋ. ਹਰਜਸਪ੍ਰੀਤ ਕੌਰ ਗਿੱਲ ਨੇ ਇਸ ਗੋਸ਼ਟੀ ਨੂੰ ਸਾਰਥਿਕ ਆਖਿਆ।ਇਸ ਪੁਸਤਕ ਉਪਰ ਮੁੱਖ ਪੇਪਰ ਵਕਤਾ ਨਾਵਲਕਾਰ ਹਰਜੀਤ ਕੌਰ ਵਿਰਕ ਨੇ ਕਿਹਾ ਕਿ ਹੋਰ ਵਧੇਰੇ ਮਿਹਨਤ ਨਾਲ ਕੁਲਦੀਪ ਕੌਰ ਭੁੱਲਰ ਭਵਿੱਖ ਵਿਚ ਲਿਖੇ ਜਾਣ ਵਾਲੇ ਨਾਵਲਾਂ ਦੀ ਇਕ ਵਧੀਆ ਨਾਵਲਕਾਰ ਵਜੋਂ ਸਾਹਮਣੇ ਆਵੇਗੀ।ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਸਹਾਇਕ ਡਾਇਰੈਕਟਰ ਡਾ. ਹਰਨੇਕ ਸਿੰਘ ਢੋਟ, ਕੁਲਵਿੰਦਰ ਚਾਵਲਾ ਅਤੇ ਪਟੇਲ ਨਹਿਰੂ ਮੈਮੋਰੀਅਲ ਕਾਲਜਾ ਰਾਜਪੁਰਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸਵਰਨਜੀਤ ਕੌਰ ਨੇ ਵੱਖ ਵੱਖ ਨਜ਼ਰੀਏ ਤੋਂ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ।ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ,ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਵੀ ਚਰਚਾ ਨੂੰ ਅੱਗੇ ਤੋਰਿਆ।ਕੁਲਦੀਪ ਕੌਰ ਭੁੱਲਰ ਨੇ ਆਪਣੀ ਨਾਵਲ ਪ੍ਰਕਿਰਿਆ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਮੂਹ ਵਿਦਵਾਨਾਂ ਵੱਲੋਂ ਪ੍ਰਗਟਾਏ ਗਏ ਮੁੱਲਵਾਨ ਨੁਕਤੇ ਉਸ ਦੀ ਭਵਿਖਮੁਖੀ ਲੇਖਣੀ ਨੂੰ ਨਿਖਾਰਨ ਲਈ ਪਥਪ੍ਰਦਰਸ਼ਕ ਬਣਨਗੇ।
ਗੋਸ਼ਟੀ ਦੇ ਦੂਜੇ ਦੌਰ ਵਿਚ ਡਾ.ਜੀ.ਐਸ.ਆਨੰਦ,ਮੈਡਮ ਅਨੂ ਤਿਵਾਰੀ,ਗੁਰਚਰਨ ਸਿੰਘ ਪੱਬਾਰਾਲੀ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਅੰਗਰੇਜ਼ ਸਿੰਘ ਕਕਰਾਲਾ,ਅਮਰ ਗਰਗ ਕਲਮਦਾਨ ਧੂਰੀ,ਨੈਬ ਸਿੰਘ ਬਦੇਸ਼ਾ,ਰਘਬੀਰ ਸਿੰਘ ਮਹਿਮੀ, ਸਾਬਕਾ ਡੀ.ਐਸ.ਪੀ.ਨਾਹਰ ਸਿੰਘ,ਮੋਹਨਜੀਤ ਸਿੰਘ,ਪ੍ਰਿੰ. ਗੁਰਨਾਮ ਸਿੰਘ ਜੱਜ,ਹਰਪ੍ਰੀਤ ਕੌਰ ਜੌਲੀ,ਵਿਜੈ ਕੁਮਾਰ, ਗੋਪਾਲ ਸਮਾਣਾ,ਗੁਰਧਿਆਨ ਸਿੰਘ ਗਿੱਲ, ਬਚਨ ਸਿੰਘ ਗੁਰਮ,ਕੈਪਟਨ ਚਮਕੌਰ ਸਿੰਘ ਚਹਿਲ,ਕਿਰਨ ਸਿੰਗਲਾ,ਜੱਗਾ ਸਿੰਘ ਰੰਗੂਵਾਲ,ਬਜਿੰਦਰ ਠਾਕੁਰ,ਅਜਾਇਬਰਾਜ ਗੁਰਕੀਰਤ, ਰਾਜੇਸ਼ਵਰ ਕੁਮਾਰ, ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।
ਇਸ ਸਮਾਗਮ ਵਿਚ ਡਾ. ਸੁਰਜੀਤ ਸਿੰਘ ਖੁਰਮਾ,ਕੁਲਦੀਪ ਸਿੰਘ ਭੁੱਲਰ, ਪ੍ਰੋ. ਐਮ.ਪੀ.ਸਿੰਘ,ਸਤਨਾਮ ਕੌਰ ਚੌਹਾਨ, ਸੁਖਮਨਦੀਪ ਸਿੰਘ,ਕਮਲ ਸੇਖੋਂ, ਸੁਖਦੇਵ ਸਿੰਘ ਚਹਿਲ,ਵਿਸ਼ਾਲ ਕੁਮਾਰ ਗੋਇਲ, ਗੁਰਪ੍ਰੀਤ ਡਿੰਪੀ ਪਟਿਆਲਾ,ਪ੍ਰੋ. ਜੇ.ਕੇ. ਮਿਗਲਾਨੀ,ਪ੍ਰੋਫੈਸਰ ਤਰਲੋਚਨ ਕੌਰ,ਜੋਗਾ ਸਿੰਘ ਧਨੌਲਾ, ਸਿਮਰਜੀਤ ਕੌਰ (ਯੂ.ਕੇ.),ਮੰਗਤ ਖ਼ਾਨ,ਜਸਲੀਨ ਸਿੰਘ ਸਿੱਧੂ,ਕਿਰਨਦੀਪ ਕੌਰ,ਗੁਰਪ੍ਰੀਤ ਸਿੰਘ,ਹਰਦੀਪ ਸੱਭਰਵਾਲ,ਰਾਕੇਸ਼ ਕੁਮਾਰ ਜਲੋਤਰਾ, ਸਤੀਸ਼ ਵਿਦਰੋਹੀ,ਸ਼ਾਮ ਸਿੰਘ ਰਾਗੀ, ਕੁਲਦੀਪ ਸਿੰਘ, ਕ੍ਰਿਸ਼ਨ ਲਾਲ ਧੀਮਾਨ, ਸੁਰਵਿੰਦਰ ਸਿੰਘ ਛਾਬੜਾ,ਗੁਰਿੰਦਰ ਸਿੰਘ ਸੇਠੀ, ਦਵਿੰਦਰ ਸਿੰਘ, ਚਰਨ ਸਿੰਘ ਬੰਬੀਹਾ ਭਾਈ, ਕਾਮਰੇਡ ਸੁਰਜੀਤ ਸਿੰਘ ਰਾਜੇਸ਼ ਕੋਟੀਆ,ਮੁਕੇਸ਼ ਆਦਿ ਸ਼ਾਮਿਲ ਸਨ।ਇਸ ਮੌਕੇ ਆਲੋਚਕ ਅਤੇ ਕਵੀ ਡਾ. ਗੁਰਮੀਤ ਸਿੰਘ ਕੱਲਰਮਾਜਰੀ ਵੱਲੋਂ ਆਪਣੀਆਂ ਦੋ ਕਾਵਿ ਪੁਸਤਕਾਂ ‘ਠੰਢੇ ਬੁਰਜ ਦਾ ਹਲਫੀਆ ਬਿਆਨ* ਅਤੇ ‘ਜਿੱਥੇ ਬਾਬਾ ਪੈਰ ਧਰਿ* ਸਭਾ ਦੇ ਪ੍ਰਧਾਨ ਡਾ. ਆਸ਼ਟ ਨੂੰ ਭੇਂਟ ਕਰਨ ਉਪਰੰਤ ਸਮੁੱਚੇ ਮਹਿਮਾਨਾਂ ਨੂੰ ਵੀ ਪ੍ਰਦਾਨ ਕੀਤੀਆਂ।
ਅੰਤ ਵਿਚ ਬਾਬੂ ਸਿੰਘ ਰੈਹਲ ਵੱਲੋਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਈ।ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।







