ਚੰਡੀਗੜ੍ਹ: 14 ਦਸੰਬਰ 2025 (ਛਤਰਪਾਲ ਸਿੰਘ) : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਜਾਰੀ ਵੋਟਿੰਗ ਦਰਮਿਆਨ ਸਿਆਸੀ ਤਣਾਅ ਹੋਰ ਵਧ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਫੰਡਾਂ ਦੇ ਨਾਂ ’ਤੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਬਾਜਵਾ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ‘ਆਪ’ ਦੇ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਜੋਬਨ ਸਿੰਘ ਰੰਧਾਵਾ ਵੱਲੋਂ ਚੋਣਾਂ ਤੋਂ ਠੀਕ ਪਹਿਲਾਂ ਵੋਟਾਂ ਮੰਗਣ ਦੇ ਨਾਲ-ਨਾਲ ਨਤੀਜਿਆਂ ਮਗਰੋਂ ਫੰਡ ਜਾਰੀ ਕਰਨ ਦੇ ਵਾਅਦੇ ਕੀਤੇ ਗਏ। ਉਨ੍ਹਾਂ ਨੇ ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਕਿਹਾ ਕਿ ਇਹ ਚੋਣ ਆਚਾਰ ਸੰਹਿਤਾ ਦੀ ਉਲੰਘਣਾ ਹੈ।
ਪ੍ਰਤਾਪ ਸਿੰਘ ਬਾਜਵਾ ਮੁਤਾਬਕ, ਜ਼ੋਨ ਨੰਬਰ 20 ਤੁਗਲਵਾਲਾ (ਕਾਦੀਆਂ ਵਿਧਾਨ ਸਭਾ ਹਲਕਾ) ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਪ੍ਰੀਤ ਕੌਰ ਦੀ ਹਮਾਇਤ ਵਿੱਚ ਖੁੱਲ੍ਹ ਕੇ ਅਪੀਲ ਕੀਤੀ ਗਈ ਅਤੇ 25 ਲੱਖ ਰੁਪਏ ਦੇ ਫੰਡ ਜਾਰੀ ਕਰਨ ਦੀ ਗੱਲ ਕਹੀ ਗਈ, ਉਹ ਵੀ ਇਸ ਸ਼ਰਤ ’ਤੇ ਕਿ ‘ਆਪ’ ਜਿੱਤ ਹਾਸਲ ਕਰੇ।
ਉਨ੍ਹਾਂ ਸਵਾਲ ਉਠਾਇਆ ਕਿ ਕਿਸ ਅਧਿਕਾਰ ਦੇ ਤਹਿਤ ਕੋਈ ਅਹੁਦੇਦਾਰ ਵੋਟਾਂ ਦੇ ਬਦਲੇ ਸਰਕਾਰੀ ਫੰਡਾਂ ਦੇ ਵਾਅਦੇ ਕਰ ਸਕਦਾ ਹੈ। ਬਾਜਵਾ ਨੇ ਇਸਨੂੰ ਵਿਕਾਸ ਨਹੀਂ, ਬਲਕਿ “ਵੋਟ ਦੇ ਬਦਲੇ ਨਕਦੀ ਦੀ ਰਾਜਨੀਤੀ” ਕਰਾਰ ਦਿੱਤਾ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਬਾਜਵਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਾਂਗਰਸ ਆਗੂ ਚੋਣੀ ਮਾਹੌਲ ਤੋਂ ਘਬਰਾਏ ਹੋਏ ਹਨ ਅਤੇ ਨੌਜਵਾਨ ਆਗੂਆਂ ਦੀ ਲੋਕਪ੍ਰਿਯਤਾ ਤੋਂ ਡਰ ਰਹੇ ਹਨ। ‘ਆਪ’ ਵੱਲੋਂ ਇਹ ਵੀ ਕਿਹਾ ਗਿਆ ਕਿ ਕਾਂਗਰਸ ਬਿਨਾਂ ਸਬੂਤਾਂ ਦੇ ਦੋਸ਼ ਲਗਾ ਕੇ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਾਰੇ ਮਾਮਲੇ ਨੇ ਚੋਣਾਂ ਦੌਰਾਨ ਸਿਆਸਤ ਨੂੰ ਹੋਰ ਗਰਮਾ ਦਿੱਤਾ ਹੈ। ਹੁਣ ਸਭ ਦੀ ਨਜ਼ਰ ਰਾਜ ਚੋਣ ਕਮਿਸ਼ਨ ’ਤੇ ਟਿਕੀ ਹੋਈ ਹੈ ਕਿ ਕੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।







