
ਸਿਡਨੀ, 14 ਦਸੰਬਰ 2025: (ਸ਼.ਅ.ਬਿਓਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਪ੍ਰਸਿੱਧ ਬੌਂਡੀ ਬੀਚ ‘ਤੇ ਐਤਵਾਰ ਸ਼ਾਮ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਹਨੂਕਾ ਤਿਉਹਾਰ ਦੀ ਪਹਿਲੀ ਰਾਤ ਮਨਾਉਂਦੀ ਭੀੜ ‘ਤੇ ਅਚਾਨਕ ਗੋਲੀਬਾਰੀ ਹੋ ਗਈ। ਇਸ ਭਿਆਨਕ ਹਮਲੇ ‘ਚ ਹੁਣ ਤੱਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਚਸ਼ਮਦੀਦਾਂ ਮੁਤਾਬਕ ਦੋ ਹਮਲਾਵਰਾਂ ਨੇ ਭੀੜ ਵੱਲ ਲਗਭਗ 50 ਰਾਊਂਡ ਫਾਇਰ ਕੀਤੇ। ਸਿਡਨੀ ਮਾਰਨਿੰਗ ਹੇਰਾਲਡ ਦੇ ਅਨੁਸਾਰ, ਗੋਲੀਬਾਰੀ ਸ਼ਾਮ ਕਰੀਬ 6:30 ਵਜੇ (ਸਥਾਨਕ ਸਮੇਂ) ਤੋਂ ਕੁਝ ਸਮੇਂ ਬਾਅਦ ਸ਼ੁਰੂ ਹੋਈ, ਜਦੋਂ ਸੈਂਕੜੇ ਲੋਕ ਸਮੁੰਦਰ-ਕਿਨਾਰੇ ਜਸ਼ਨ ਵਿੱਚ ਸ਼ਾਮਲ ਸਨ।
ਘਟਨਾ ਤੋਂ ਤੁਰੰਤ ਬਾਅਦ ਨਿਊ ਸਾਊਥ ਵੇਲਜ਼ ਪੁਲਿਸ ਨੇ ਇਲਾਕੇ ਨੂੰ ਸੀਲ ਕਰਕੇ ਵੱਡੇ ਪੱਧਰ ‘ਤੇ ਸਰਚ ਓਪਰੇਸ਼ਨ ਸ਼ੁਰੂ ਕੀਤਾ। ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੌਂਡੀ ਬੀਚ ਅਤੇ ਆਸ-ਪਾਸ ਦੇ ਖੇਤਰਾਂ ਤੋਂ ਦੂਰ ਰਹਿਣ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਘਟਨਾ ‘ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਇਸਨੂੰ “ਹੈਰਾਨ ਕਰਨ ਵਾਲੀ ਅਤੇ ਦਿਲ ਦਹਿਲਾ ਦੇਣ ਵਾਲੀ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਜਾਨਾਂ ਬਚਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਕੇਂਦਰ ਸਰਕਾਰ ਸੂਬਾਈ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਹੀ ਹੈ।
ਸਥਾਨਕ ਵਾਸੀ ਹੈਰੀ ਵਿਲਸਨ ਨੇ ਦੱਸਿਆ ਕਿ ਉਸਨੇ ਲਗਾਤਾਰ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਕਈ ਲੋਕਾਂ ਨੂੰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗਿਆ ਦੇਖਿਆ। ਪੁਲਿਸ ਵੱਲੋਂ ਘਟਨਾ ਦੇ ਮੰਤਵ ਅਤੇ ਪਿਛੋਕੜ ਦੀ ਜਾਂਚ ਜਾਰੀ ਹੈ।







