ਹਾਰ ਤੋਂ ਡਰਦੇ ਦੂਜਿਆਂ ਤੇ ਦੋਸ਼ ਲਾ ਰਹੇ ਅਕਾਲੀ ਕਾਂਗਰਸ—ਭਗਵੰਤ ਮਾਨ
ਸੰਗਰੂਰ, 14 ਦਸੰਬਰ 2025 (ਛਤਰਪਾਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਵੋਟ ਪਾਈ। ਵੋਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਿਆਸੀ ਵਿਰੋਧੀਆਂ—ਅਕਾਲੀ ਦਲ ਅਤੇ ਕਾਂਗਰਸ—’ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਨੇਤਾ ਸਿਰਫ਼ ਦੋਸ਼ ਲਗਾਉਣ ਤੱਕ ਹੀ ਸੀਮਿਤ ਹਨ, ਉਨ੍ਹਾਂ ਕੋਲ ਜਨਤਾ ਨੂੰ ਦੱਸਣ ਲਈ ਕੋਈ ਠੋਸ ਮੁੱਦਾ ਨਹੀਂ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਦਲ ਮੈਦਾਨ ਵਿੱਚ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ, ਇਸ ਲਈ ਉਹ ਬੇਬੁਨਿਆਦ ਅਤੇ ਝੂਠੇ ਦੋਸ਼ਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਨਾਮਜ਼ਦਗੀ ਪੱਤਰ ਰੱਦ ਹੋਣ ਸਬੰਧੀ ਪਹਿਲਾਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ, “ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਮੈਦਾਨ ਵਿੱਚ ਹਨ ਅਤੇ ਚੋਣਾਂ ਲੜ੍ਹ ਰਹੇ ਹਨ। ਪਹਿਲਾਂ ਜੋ ਦੋਸ਼ ਲਗਾਏ ਜਾ ਰਹੇ ਸਨ, ਉਹ ਹੁਣ ਖੁਦ ਹੀ ਬੇਨਕਾਬ ਹੋ ਚੁੱਕੇ ਹਨ।”
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਲੋਕਾਂ ਸਾਹਮਣੇ ਰੱਖਣ ਲਈ ਕੋਈ ਠੋਸ ਏਜੰਡਾ ਨਹੀਂ ਹੈ ਅਤੇ ਉਹ ਸਿਰਫ਼ ਝੂਠੇ ਦੋਸ਼ਾਂ ਰਾਹੀਂ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਲੋਕ ਸੱਚ ਨੂੰ ਸਮਝਦੇ ਹਨ ਅਤੇ ਚੋਣਾਂ ਵਿੱਚ ਸਹੀ ਫੈਸਲਾ ਕਰਨਗੇ।







