Home ਪੰਜਾਬ ਬੈਲਟ ਪੇਪਰ ਮਾਮਲੇ ’ਤੇ ਵਿਰੋਧੀਆਂ ਦੀ ਬੇਬੁਨਿਆਦ ਰਾਜਨੀਤੀ, ਅੰਕੜਿਆਂ ਨਾਲ ਸੱਚ ਸਾਹਮਣੇ...

ਬੈਲਟ ਪੇਪਰ ਮਾਮਲੇ ’ਤੇ ਵਿਰੋਧੀਆਂ ਦੀ ਬੇਬੁਨਿਆਦ ਰਾਜਨੀਤੀ, ਅੰਕੜਿਆਂ ਨਾਲ ਸੱਚ ਸਾਹਮਣੇ ਲਿਆਏ — ਸੀਐਮ ਭਗਵੰਤ ਮਾਨ

0

ਚੰਡੀਗੜ੍ਹ: 13 ਦਸੰਬਰ, (ਛਤਰਪਾਲ ਸਿੰਘ):  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਵਿਰੋਧੀ ਧਿਰਾਂ, ਖ਼ਾਸ ਕਰਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਇਹ ਪਾਰਟੀਆਂ ਆਪਣੀ ਹਾਰ ਤੋਂ ਘਬਰਾਕੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਗਲਤ ਨੀਤੀਆਂ ਅਤੇ ਕਰਤੂਤਾਂ ਕਾਰਨ ਹਾਰਦੀ ਹੈ ਪਰ ਹਾਰ ਦਾ ਦੋਸ਼ ਦੂਜਿਆਂ ’ਤੇ ਮੰਢਣਾ ਉਸ ਦੀ ਆਦਤ ਬਣ ਚੁੱਕੀ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਏ ਗਏ ‘ਨਕਲੀ ਬੈਲਟ ਪੇਪਰ’ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸੀਐਮ ਮਾਨ ਨੇ ਕਿਹਾ ਕਿ ਅਜਿਹੇ ਬਿਆਨ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਨਾ ਹਨ। ਉਨ੍ਹਾਂ ਕਿਹਾ ਕਿ ਚੰਨੀ ਅਸਲ ਵਿੱਚ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕੇ ਹਨ, ਇਸੇ ਕਰਕੇ ਹੁਣ ਝੂਠੇ ਦੋਸ਼ ਲਗਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਨ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਹੀ ਮੈਦਾਨ ਵਿੱਚ ਹਾਰ ਮੰਨ ਕੇ ਬੈਠੇ ਹਨ।

ਅੰਕੜਿਆਂ ਨਾਲ ‘ਧੱਕੇਸ਼ਾਹੀ’ ਦੇ ਦੋਸ਼ਾਂ ਦੀ ਕੱਟੀ ਹਵਾ
ਚੋਣਾਂ ਵਿੱਚ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦੇ ਕੁੱਲ 2833 ਜ਼ੋਨਾਂ ਵਿੱਚੋਂ 340 ’ਤੇ ਆਮ ਆਦਮੀ ਪਾਰਟੀ, 3 ’ਤੇ ਕਾਂਗਰਸ ਅਤੇ 8 ’ਤੇ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਇਹ ਧੱਕੇ ਦਾ ਨਹੀਂ, ਸਗੋਂ ਵਿਰੋਧੀ ਪਾਰਟੀਆਂ ਦੀ ਕਮਜ਼ੋਰੀ ਦਾ ਸਬੂਤ ਹੈ, ਕਿਉਂਕਿ ਉਨ੍ਹਾਂ ਕੋਲ ਉਮੀਦਵਾਰ ਹੀ ਪੂਰੇ ਨਹੀਂ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੇ 2771, ਕਾਂਗਰਸ ਦੇ 2433, ਅਕਾਲੀ ਦਲ ਦੇ 1814, ਭਾਜਪਾ ਦੇ 1127, ਬਸਪਾ ਦੇ 195 ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ 3 ਉਮੀਦਵਾਰ ਮੈਦਾਨ ਵਿੱਚ ਹਨ। ਇਹ ਅੰਕੜੇ ਸਾਫ਼ ਕਰਦੇ ਹਨ ਕਿ ਹਰ ਪਾਰਟੀ ਨੂੰ ਨਾਮਜ਼ਦਗੀ ਪੱਤਰ ਭਰਨ ਦਾ ਪੂਰਾ ਮੌਕਾ ਮਿਲਿਆ ਹੈ।

ਚੰਨੀ, ਸੁਖਬੀਰ ਅਤੇ ਕਾਂਗਰਸੀ ਆਗੂਆਂ ’ਤੇ ਤੰਜ
ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਸਾਧਦਿਆਂ ਸੀਐਮ ਮਾਨ ਨੇ ਕਿਹਾ ਕਿ ਲੋਕ ਪਹਿਲਾਂ ਹੀ ਤੁਹਾਨੂੰ ਕਾਫ਼ੀ ਮੌਕੇ ਦੇ ਚੁੱਕੇ ਹਨ, ਹੁਣ ਮੁੜ ਵਾਰੀ ਦੀ ਉਮੀਦ ਨਾ ਰੱਖੋ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ’ਤੇ ਤੰਜ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਬਲਾਕ ਸੰਮਤੀ ਦਾ ਅਰਥ ਵੀ ਨਹੀਂ ਸੀ ਪਤਾ, ਅੱਜ ਉਹ ਮੋਟਰਸਾਈਕਲਾਂ ’ਤੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਬਾਰੇ ਵੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਨੇ ਹੀ ਉਨ੍ਹਾਂ ਨੂੰ ਲੋਕਾਂ ਵਿੱਚ ਜਾਣ ਲਈ ਮਜਬੂਰ ਕੀਤਾ ਹੈ।

ਆਪ’ ਵਿਕਾਸ ਦੇ ਮੁੱਦਿਆਂ ਨਾਲ ਲੋਕਾਂ ਵਿੱਚ
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਅਸਲ ਮੁੱਦਿਆਂ ’ਤੇ ਚੋਣ ਲੜ ਰਹੀ ਹੈ। ਮੁਫ਼ਤ ਬਿਜਲੀ, ਖੇਤਾਂ ਤੱਕ ਪਾਣੀ, ਨਵੀਆਂ ਸੜਕਾਂ, ਆਮ ਆਦਮੀ ਕਲੀਨਿਕ, ਸਰਕਾਰੀ ਸਕੂਲਾਂ ਦੀ ਬਿਹਤਰੀ ਅਤੇ ਖੇਡਾਂ ਦੇ فروਗ਼ ਵਰਗੇ ਕੰਮ ਸਾਡੀ ਸਰਕਾਰ ਦੀ ਪਛਾਣ ਹਨ, ਜਦਕਿ ਵਿਰੋਧੀਆਂ ਕੋਲ ਦੱਸਣ ਲਈ ਕੁਝ ਨਹੀਂ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਵੀ ਬਰਾਬਰ ਮੌਕਾ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਾਰੇ ਗੱਲ ਕਰਦਿਆਂ ਮਾਨ ਨੇ ਦੱਸਿਆ ਕਿ 347 ਜ਼ੋਨਾਂ ਲਈ ਕੁੱਲ 1396 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਕਾਂਗਰਸ ਦੇ 331, ਅਕਾਲੀ ਦਲ ਦੇ 298 ਅਤੇ ਭਾਜਪਾ ਦੇ 215 ਉਮੀਦਵਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਤੇ-ਕਿਤੇ ਕੋਈ ਛੋਟਾ ਮੋਟਾ ਮਸਲਾ ਬਣਿਆ ਵੀ ਹੈ ਤਾਂ ਉਸਨੂੰ ਬੇਵਜ੍ਹਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ।

ਕੈਪਟਨ-ਸਿੱਧੂ ਜੋੜੀ ’ਤੇ ਵੀ ਤੀਖੀ ਟਿੱਪਣੀ
ਸੀਐਮ ਮਾਨ ਨੇ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਤੰਜ ਕਸਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਇਨ੍ਹਾਂ ਨੂੰ ਪੰਜਾਬ ਯਾਦ ਆ ਜਾਂਦਾ ਹੈ। ਅਕਾਲੀ ਦਲ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਦਾ ਨਾਮ ਹੁਣ ਲੋਕਾਂ ਨੇ ਅਕਾਲੀ ਦਲ (ਬਾਦਲ) ਤੋਂ ਬਦਲ ਕੇ ਅਕਾਲੀ ਦਲ (ਬੇਅਦਬੀ) ਰੱਖ ਦਿੱਤਾ ਹੈ।

Exit mobile version