ਕੋਲਕਾਤਾ: 13 ਦਸੰਬਰ (ਸ਼.ਅ.ਬਿਓਰੋ) : ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨਲ ਮੇਸੀ 14 ਸਾਲਾਂ ਬਾਅਦ ਭਾਰਤ ਪਹੁੰਚੇ ਹਨ। ਮੇਸੀ ਦੇ ਨਾਲ ਉਰੂਗਵੇ ਦੇ ਸਟਾਰ ਫਾਰਵਰਡ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਭਾਰਤ ਆਏ ਹਨ। ਤਿੰਨੋਂ ਖਿਡਾਰੀ ਸਵੇਰੇ ਕਰੀਬ 2:30 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ ਲਿਓਨਲ ਮੇਸੀ ਸੰਯੁਕਤ ਰਾਸ਼ਟਰ ਦੇ ਬਾਲ ਸੰਗਠਨ ਯੂਨੀਸੇਫ ਦੇ ਬ੍ਰਾਂਡ ਅੰਬੈਸਡਰ ਹਨ। ਇਸੀ ਭੂਮਿਕਾ ਤਹਿਤ ਉਹ ਭਾਰਤ ਵਿੱਚ ‘GOAT India’ ਟੂਰ ’ਤੇ ਹਨ। ਇਹ ਦੌਰਾ ਤਿੰਨ ਦਿਨਾਂ ਦਾ ਹੋਵੇਗਾ, ਜਿਸ ਦੌਰਾਨ ਮੇਸੀ ਅਤੇ ਉਨ੍ਹਾਂ ਦੀ ਟੀਮ ਚਾਰ ਸ਼ਹਿਰਾਂ ਦਾ ਦੌਰਾ ਕਰੇਗੀ। ਇਸ ਵਿੱਚ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ ਸ਼ਾਮਲ ਹਨ।
ਕੋਲਕਾਤਾ ਦੌਰੇ ਦੌਰਾਨ ਮੇਸੀ ਬਾਲੀਵੁੱਡ ਸੂਪਰਸਟਾਰ ਸ਼ਾਹਰੁਖ ਖਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਮੁੰਬਈ ਵਿੱਚ ਉਹ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨਾਲ ਵੀ ਮਿਲਣਗੇ।
ਮੇਸੀ ਦੀ ਭਾਰਤ ਯਾਤਰਾ 15 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਵਿਸ਼ੇਸ਼ ਮੁਲਾਕਾਤ ਨਾਲ ਸਮਾਪਤ ਹੋਵੇਗੀ। ਫੁੱਟਬਾਲ ਪ੍ਰੇਮੀਆਂ ਵਿੱਚ ਮੇਸੀ ਦੀ ਇਸ ਫੇਰੀ ਨੂੰ ਲੈ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸਨੂੰ ਭਾਰਤ ਵਿੱਚ ਫੁੱਟਬਾਲ ਲਈ ਇਕ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ।







