ਵਿਕਾਸ ਨੂੰ ਵੋਟ ਦੇਣ ਦੀ ਅਪੀਲ
ਧੂਰੀ/ਸੰਗਰੂਰ, 12 ਦਸੰਬਰ: (ਜਗਦੇਵ ਰੰਚਨਾਂ) : ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਹਲਕੇ ਦੇ ਪਿੰਡ ਧੂਰਾ, ਢਢੋਗਲ, ਈਸੜਾ ਅਤੇ ਭਸੌੜ ਵਿੱਚ ਚੋਣ ਰੈਲੀਆਂ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ ਅਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਮੌਜੂਦ ਸਨ।
ਰੈਲੀਆਂ ਦੌਰਾਨ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਪਿੰਡਾਂ ਦੇ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਲੋਕ ਪਿਛਲੇ ਚਾਰ ਸਾਲਾਂ ਦੌਰਾਨ ਹੋਏ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ। ਕੰਗ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਪੱਧਰ ਦੇ ਵਿਕਾਸ ਲਈ ਖਾਸ ਤਵੱਜੋ ਦਿੱਤੀ ਹੈ ਤੇ ਪਿੰਡਾਂ ਵਿੱਚ ਹੁਣ ਸ਼ਹਿਰੀ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ।
ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਧੂਰੀ ਹਲਕੇ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਉਹ ਵਿਕਾਸ ਹੋਇਆ ਹੈ, ਜੋ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲਾਇਬਰੇਰੀਆਂ, ਜਿੰਮ, ਆਮ ਆਦਮੀ ਕਲੀਨਿਕ ਅਤੇ ਸਕੂਲ ਆਫ ਐਮੀਨੈਂਸ ਵਰਗੀਆਂ ਸਹੂਲਤਾਂ ਨੇ ਪਿੰਡ ਵਾਸੀਆਂ ਲਈ ਨਵੀਆਂ ਰਹਿਤਾਂ ਖੋਲ੍ਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਆਪ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਿੰਡਾਂ ਦੇ ਵਿਕਾਸ ਨੂੰ ਹੋਰ ਰਫ਼ਤਾਰ ਦਿੱਤੀ ਜਾਵੇ।
ਆਪ ਨੇਤਾ ਕੰਗ ਅਤੇ ਸੁਖਵੀਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਸਾਰੇ ਉਮੀਦਵਾਰਾਂ—ਰਛਪਾਲ ਸਿੰਘ, ਹਰਜਿੰਦਰ ਸਿੰਘ ਕਾਂਝਲਾ, ਜਸਮੀਤ ਕੌਰ ਚਹਿਲ ਸਣੇ ਕਈ ਹੋਰ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਉਮੀਦਵਾਰ ਹਲਕੇ ਵਿੱਚ ਵੱਡੀਆਂ ਗਰਾਂਟਾਂ ਲਿਆਕੇ ਵਿਕਾਸ ਨੂੰ ਤੀਜੀ ਰਫ਼ਤਾਰ ਦੇਣਗੇ।
ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਬਣਨ ਨਾਲ ਪਿੰਡਾਂ ਦਾ ਵਿਕਾਸ ਹੋਰ ਤੇਜ਼ ਹੋਵੇਗਾ ਅਤੇ ਧੂਰੀ ਜਲਦੀ ਹੀ ਨਮੂਨੇ ਦੇ ਹਲਕੇ ਵਜੋਂ ਉਭਰੇਗਾ।
ਇਸ ਮੌਕੇ ਡਾਇਰੈਕਟਰ ਸ਼ੂਗਰਫੈੱਡ ਜਸਪਾਲ ਸਿੰਘ ਭੁੱਲਰ, ਸਰਪੰਚ ਦਵਿੰਦਰ ਸਿੰਘ ਧੂਰਾ, ਕੌਂਸਲਰ ਵੀਰਭਾਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
