ਚੰਡੀਗੜ੍ਹ, 11 ਦਸੰਬਰ 2025: (ਜਗਜੀਤ ਸਿੰਘ) : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਨੇ ਇੰਡੀਗੋ ਦੀਆਂ ਸੰਚਾਲਕੀ ਦਿੱਕਤਾਂ ਕਾਰਨ ਪਰੇਸ਼ਾਨ ਯਾਤਰੀਆਂ ਨੂੰ ਸਹੂਲਤ ਦੇਣ ਲਈ ਤੁਰੰਤ ਕਦਮ ਚੁੱਕੇ ਹਨ। ਏਅਰਪੋਰਟ ਸੀਈਓ ਅਜੈ ਵਰਮਾ ਨੇ ਦੱਸਿਆ ਕਿ ਵਾਧੂ “May I Help You” ਸਟਾਫ਼, ਡਿਜੀ ਬਡੀਜ਼ ਅਤੇ ਗਰਾਊਂਡ ਕਰਮਚਾਰੀ ਤਾਇਨਾਤ ਕਰਕੇ ਬਜ਼ੁਰਗਾਂ, ਬਿਮਾਰ ਯਾਤਰੀਆਂ ਅਤੇ ਪਰਿਵਾਰਾਂ ਦੀ ਖਾਸ ਸਹਾਇਤਾ ਕੀਤੀ ਜਾ ਰਹੀ ਹੈ।
ਕਤਾਰ ਪ੍ਰਬੰਧਨ, ਵ੍ਹੀਲਚੇਅਰ ਸੇਵਾਵਾਂ ਅਤੇ ਚੈੱਕ-ਇਨ ਮਦਦ ਮਜ਼ਬੂਤ ਕੀਤੀ ਗਈ ਹੈ, ਜਦਕਿ ਬੈਠਕ ਲਈ ਵਾਧੂ ਕੁਰਸੀਆਂ ਦੀ ਵਿਵਸਥਾ ਵੀ ਕੀਤੀ ਗਈ ਹੈ। ਹਾਊਸਕੀਪਿੰਗ ਅਤੇ ਮੈਡੀਕਲ ਸਹੂਲਤਾਂ ‘ਚ ਵੀ ਵਾਧਾ ਕੀਤਾ ਗਿਆ ਹੈ।
ਅੱਜ ਇੰਡੀਗੋ ਦੀਆਂ 28 ਵਿੱਚੋਂ 4 ਉਡਾਣਾਂ ਰੱਦ ਕੀਤੀਆਂ ਗਈਆਂ। ਫੂਡ ਆਊਟਲੈਟਸ ਨੂੰ ਕੀਮਤਾਂ ਕਾਬੂ ਵਿੱਚ ਰੱਖਣ ਦੇ ਨਿਰਦੇਸ਼ ਹਨ। ਫਸੇ ਯਾਤਰੀਆਂ ਲਈ ਨੇੜਲੇ ਬਜਟ ਹੋਟਲਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।
ਬੈਗੇਜ ਡਿਲੀਵਰੀ ਤੇਜ਼ੀ ਨਾਲ ਜਾਰੀ ਹੈ—10 ਦਸੰਬਰ ਨੂੰ 51 ਬੈਗ ਸੌਂਪੇ ਜਾ ਚੁੱਕੇ ਹਨ। ਰਿਫੰਡ ਅਤੇ ਰੀ-ਸ਼ਡਿਊਲਿੰਗ ਲਈ ਵਟਸਐਪ/ਐਸਐਮਐਸ ਸਹਾਇਤਾ ਵੀ ਐਕਟਿਵ ਕੀਤੀ ਗਈ ਹੈ।







