ਪੁਲਿਸ ਵੱਲੋਂ ਕੁਝ ਘੰਟਿਆਂ ਵਿੱਚ ਤਿੰਨ ਆਰੋਪੀ ਕਾਬੂ
ਅਰਨੀਵਾਲਾ : 11 ਦਸੰਬਰ, 2025 (ਸ਼.ਅ.ਬਿਓਰੋ) : ਫਾਜ਼ਿਲਕਾ ਦੇ ਅਰਨੀਵਾਲਾ ਵਿੱਚ 15 ਸਾਲਾ ਹਰਪ੍ਰੀਤ ਸਿੰਘ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਭੇਦ ਖੋਲ੍ਹ ਦਿੱਤਾ ਹੈ। ਪੁਲਿਸ ਨੇ ਇਸ ਘਟਨਾ ਨਾਲ ਜੁੜੇ ਤਿੰਨ ਨੌਜਵਾਨਾਂ—ਜਸਕਰਨ ਸਿੰਘ ਉਰਫ ਕਰਨ, ਉਸ ਦਾ ਨਾਬਾਲਗ ਭਰਾ ਸੁਖਚੈਨ ਸਿੰਘ ਉਰਫ ਸੁੱਖੀ ਅਤੇ ਜਤਿਨ ਕੁਮਾਰ ਉਰਫ ਮਾਨੂ—ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀ.ਐਸ.ਪੀ (ਡੀ) ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਪ੍ਰੀਤ ਸਿੰਘ ਬੀਤੇ ਦਿਨ ਕਰੀਬ 11 ਵਜੇ ਘਰ ਤੋਂ ਨੇੜਲੇ ਗੁਆਂਢ ਗਿਆ ਸੀ ਪਰ ਵਾਪਸ ਨਾ ਆਉਣ ’ਤੇ ਪਰਿਵਾਰ ਨੇ ਭਾਲ ਸ਼ੁਰੂ ਕੀਤੀ। ਇਸ ਦੌਰਾਨ ਸੁਖਚੈਨ ਸਿੰਘ ਨੇ ਹਰਪ੍ਰੀਤ ਦੀ ਸਾਈਕਲ ਤਾਂ ਵਾਪਸ ਕਰ ਦਿੱਤੀ ਪਰ ਉਸ ਦੀ ਗੈਰਹਾਜ਼ਰੀ ਬਾਰੇ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ।
ਅਗਲੇ ਦਿਨ ਸਵੇਰੇ ਪਰਿਵਾਰ ਅਤੇ ਰਿਸ਼ਤੇਦਾਰ ਜਦੋਂ ਪਿੰਡ ਬਾਮ ਵੱਲ ਭਾਲ ਕਰਦੇ ਹੋਏ ਜਸਕਰਨ ਸਿੰਘ ਦੇ ਖੇਤਾਂ ਦੇ ਨੇੜੇ ਪਹੁੰਚੇ, ਤਾਂ ਬੇਅਬਾਦ ਝਾੜੀਆਂ ਵਿੱਚ ਇੱਕ ਬੋਰੀ ਚ ਮਿਲੀ ਲਾਸ਼ ਨੇ ਸਭ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ। 15 ਸਾਲਾ ਹਰਪ੍ਰੀਤ ਦੇ ਸਿਰ, ਮੂੰਹ ਅਤੇ ਗਲੇ ’ਤੇ ਇੱਟਾਂ ਨਾਲ ਮਾਰਨ ਦੇ ਨਿਸ਼ਾਨ ਸਨ।
ਪੁਲਿਸ ਅਨੁਸਾਰ, ਦੋਸ਼ੀਆਂ ਨੇ ਚਾਂਦੀ ਦੀ ਚੇਨ ਲੁੱਟਣ ਲਈ ਲਾਲਚ ਵੱਸ ਹੋ ਕੇ ਇਹ ਘਿਨੌਣਾ ਕਤਲ ਕੀਤਾ। 21 ਸਾਲਾ ਜਸਕਰਨ ਬਾਰਵੀਂ ਫੇਲ ਹੈ, 19 ਸਾਲਾ ਜਤਿਨ ਬਾਰਵੀਂ ਪਾਸ ਹੈ ਅਤੇ ਨਾਬਾਲਗ ਸੁਖਚੈਨ ਦੀ ਉਮਰ ਸਿਰਫ਼ 14 ਸਾਲ ਹੈ।
ਪੁਲਿਸ ਨੇ ਤਿੰਨੋ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਹੈ ਅਤੇ ਆਗਾਮੀ ਪੁੱਛਗਿੱਛ ਜਾਰੀ ਹੈ।







