ਹਿੰਸਕ ਝੜਪਾਂ ਤੋਂ ਬਾਅਦ ਇਲਾਕੇ ’ਚ ਇੰਟਰਨੈੱਟ ਬੰਦ
ਹਨੂਮਾਨਗੜ੍ਹ: (ਸ਼.ਅ.ਬਿਓਰੋ) : ਜ਼ਿਲ੍ਹੇ ਵਿੱਚ ਬਣ ਰਹੀ ਈਥਾਨੋਲ ਫੈਕਟਰੀ ਦੇ ਵਿਰੋਧ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕਿਸਾਨਾਂ ਅਤੇ ਕਾਂਗਰਸੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਅੰਦੋਲਨ ਰੁਕੇਗਾ ਨਹੀਂ। ਵੀਰਵਾਰ ਸਵੇਰੇ ਤੋ ਹੀ ਗੁਰਦੁਆਰਾ ਸਾਹਿਬ ਨੇੜੇ ਪ੍ਰਦਰਸ਼ਨਕਾਰੀ ਕਿਸਾਨ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ।
ਬੁੱਧਵਾਰ ਨੂੰ ਰਾਠੀਖੇੜਾ ਪਿੰਡ ਵਿੱਚ ਡਿਊਨ ਅਧੀਨ ਈਥਾਨੋਲ ਪ੍ਰਾਈਵੇਟ ਲਿਮਟਿਡ ਫੈਕਟਰੀ ਦੀ ਨਿਰਮਾਣ ਅਧੀਨ ਕੰਧ ਤੋੜੀ ਗਈ, ਜਿਸ ਤੋਂ ਬਾਅਦ ਹਾਲਾਤ ਹਿੰਸਕ ਹੋ ਗਏ। ਭਾਰੀ ਪੱਥਰਬਾਜ਼ੀ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੌਰਾਨ ਗੁੱਸੇ ਵਿੱਚ ਆਏ ਕਿਸਾਨਾਂ ਨੇ 14 ਵਾਹਨਾਂ ਨੂੰ ਅੱਗ ਲਗਾ ਦਿੱਤੀ।
ਕਾਂਗਰਸੀ ਵਿਧਾਇਕ ਅਭੀਮੰਨਿਊ ਪੂਨੀਆ ਨੂੰ ਵੀ ਲਾਠੀਚਾਰਜ ਦੌਰਾਨ ਸਿਰ ’ਚ ਸੱਟ ਆਈ। ਇਸ ਹਿੰਸਾ ’ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਵਧਦੇ ਤਣਾਅ ਦੇ ਮੱਦੇਨਜ਼ਰ ਟਿੱਬੀ ਖੇਤਰ ਵਿੱਚ ਇੰਟਰਨੈਟ ਸੇਵਾਵਾਂ ਅੱਜ ਵੀ ਬੰਦ ਹਨ।
ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ, ਜਦਕਿ ਪ੍ਰਸ਼ਾਸਨ ਹਾਲਾਤਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।







