ਪਟਿਆਲਾ 10 ਦਸੰਬਰ (ਛਤਰਪਾਲ ਸਿੰਘ): ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਹੈਲਥ ਬ੍ਰਾਂਚ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਮੇਅਰ ਵਲੋਂ ਸਫਾਈ ਸੇਵਕਾਂ ਦੀ ਹਾਜ਼ਰੀ ਤੇ ਮੌਜੂਦਗੀ ਨੂੰ ਵਿਅਕਤੀਗਤ ਤੌਰ ‘ਤੇ ਚੈੱਕ ਕੀਤਾ ਗਿਆ।
ਮੀਟਿੰਗ ਵਿੱਚ ਮੇਅਰ ਨੇ ਸਫਾਈ ਸੇਵਕਾਂ ਨੂੰ ਹਦਾਇਤ ਦਿੱਤੀ ਕਿ ਉਹ ਇਮਾਨਦਾਰੀ, ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਹੋਏ ਸ਼ਹਿਰ ਦੀ ਸਫ਼ਾਈ ਨੂੰ ਸਭ ਤੋਂ ਪਹਿਲਾ ਧਿਆਨ ਵਿੱਚ ਰਖਣ। ਉਹਨਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਹਰ ਸਫਾਈ ਸੇਵਕ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ, ਤਾਂ ਜੋ ਨਿਵਾਸੀਆਂ ਨੂੰ ਇਕ ਸਿਹਤਮੰਦ ਅਤੇ ਸੁਚੱਜਾ ਵਾਤਾਵਰਣ ਮਿਲ ਸਕੇ।
ਉਹਨਾਂ ਸਫਾਈ ਸੇਵਕਾਂ ਨੂੰ ਕਿਹਾ ਕਿ ਉਹ ਸ਼ਹਿਰ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਕੂੜਾ ਇਕੱਠਾ ਕਰਕੇ ਸਿੱਧਾ ਡੰਪਿੰਗ ਸਾਈਟ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਇਸਨੂੰ ਕਿਸੇ ਵੀ ਸਕੈਂਡਰੀ ਪੁਆਇੰਟ ‘ਤੇ ਢੇਰ ਨਾ ਲਗਾਉਣ। ਇਹ ਕਦਮ ਸ਼ਹਿਰ ਵਿੱਚ ਬੇਤਰਤੀਬ ਕੂੜਾ ਇਕੱਤਰ ਹੋਣ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਮੀਟਿੰਗ ਦੌਰਾਨ ਸੈਂਨਟਰੀ ਇੰਸਪੈਕਟਰ ਮੋਹਿਤ ਜਿੰਦਲ, ਇੰਦਰਜੀਤ ਸਿੰਘ, ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਵੀ ਮੌਜੂਦ ਰਹੇ।
