ਪਟਿਆਲਾ ਦਿਹਾਤੀ ਦੇ ਲੋਟ, ਦੰਦਰਾਲਾਂ ਖਰੌੜ, ਆਲੋਵਾਲ ਅਤੇ ਕਿਸ਼ਨਗੜ੍ਹ ਵਿੱਚ ਚੋਣੀ ਸਰਗਰਮੀਆਂ ਤੇਜ਼
ਪਟਿਆਲਾ, (ਚੌਧਰੀ ਪ੍ਰਭਜੀਤ ਸਿੰਘ) : ਅਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਪਟਿਆਲਾ ਦਿਹਾਤੀ ਖੇਤਰ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਚੋਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਕੜੀ ਤਹਿਤ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਪਿੰਡ ਲੋਟ, ਦੰਦਰਾਲਾਂ ਖਰੌੜ, ਆਲੋਵਾਲ ਅਤੇ ਕਿਸ਼ਨਗੜ੍ਹ ਵਿੱਚ ਮੀਟਿੰਗਾਂ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ। ਮੀਟਿੰਗਾਂ ਦੌਰਾਨ ਪਿੰਡਾਂ ਦੇ ਵੱਡੇ ਗਿਣਤੀ ਵਿੱਚ ਨਿਵਾਸੀਆਂ ਨੇ ਉਤਸ਼ਾਹ ਭਰਪੂਰ ਹਾਜ਼ਰੀ ਲਗਾਈ।

ਮੋਹਿਤ ਮਹਿੰਦਰਾ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਦੁੱਖ-ਸੁੱਖ ਦੀ ਸਾਂਝੀਦਾਰ ਰਹੀ ਹੈ ਅਤੇ ਪਿੰਡ ਪੱਧਰ ‘ਤੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਵਰਗੀਆਂ ਸੰਸਥਾਵਾਂ ਪਿੰਡਾਂ ਦੇ ਸਿੱਧੇ ਵਿਕਾਸ ਦਾ ਅਧਾਰ ਹੁੰਦੀਆਂ ਹਨ। ਇਸ ਲਈ ਸਾਫ਼ ਸੂਥਰੇ, ਇਮਾਨਦਾਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਲੇ ਨੁਮਾਇੰਦਿਆਂ ਦੀ ਚੋਣ ਬਹੁਤ ਜ਼ਰੂਰੀ ਹੈ। ਮਹਿੰਦਰਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਉਮੀਦਵਾਰ ਤਜਰਬੇਕਾਰ, ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਹਨ ਅਤੇ ਚੁਣੇ ਜਾਣ ‘ਤੇ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ।
ਮੀਟਿੰਗਾਂ ਦੌਰਾਨ ਕਈ ਪਿੰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ, ਪੀਣ ਵਾਲੇ ਪਾਣੀ ਦੀ ਕਮੀ, ਸਿਹਤ ਸਹੂਲਤਾਂ, ਬਿਜਲੀ ਦੀ ਅਨਿਯਮਿਤ ਸਪਲਾਈ ਅਤੇ ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਨ ਵਰਗੀਆਂ ਸਮੱਸਿਆਵਾਂ ਬਾਰੇ ਧਿਆਨ ਦਿਵਾਇਆ। ਇਸ ‘ਤੇ ਕਾਂਗਰਸੀ ਆਗੂਆਂ ਨੇ ਚੋਣਾਂ ਉਪਰੰਤ ਇਨ੍ਹਾਂ ਸਭ ਮੁੱਦਿਆਂ ਨੂੰ ਪ੍ਰਾਥਮਿਕਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ।
ਮਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਵਚਨਬੱਧ ਹੈ। ਪਿੰਡਾਂ ਵਿੱਚ ਮਿਲੇ ਭਰਪੂਰ ਸਹਿਯੋਗ ਤੋਂ ਉਤਸ਼ਾਹਿਤ ਕਾਂਗਰਸੀ ਆਗੂਆਂ ਨੇ ਚੋਣਾਂ ਵਿੱਚ ਵੱਡੀ ਜਿੱਤ ਦੀ ਉਮੀਦ ਜਤਾਈ।







