ਚੰਡੀਗੜ੍ਹ, 9 ਦਸੰਬਰ 2025: (ਜਗਦੇਵ ਰੰਚਨਾਂ) : ਪੰਜਾਬ ਕਾਂਗਰਸ ਦੇ ਅੰਦਰੂਨੀ ਟਕਰਾਅ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸਿਆਸੀ ਮਾਹੌਲ ਵਿੱਚ ਹਲਚਲ ਮਚਾ ਦਿੱਤੀ ਹੈ।
ਨੋਟਿਸ ਵਿੱਚ ਰੰਧਾਵਾ ਨੇ ਡਾ. ਸਿੱਧੂ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਨੂੰ ਘੜਤ ਅਤੇ ਬੇਬੁਨਿਆਦ ਦੱਸਦਿਆਂ 7 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਮੁਆਫ਼ੀ ਨਾ ਮੰਗੀ ਗਈ ਤਾਂ ਉਹ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨਗੇ।
ਕਿਵੇਂ ਭੜਕਿਆ ਵਿਵਾਦ?
ਵਿਵਾਦ ਦੀ ਸ਼ੁਰੂਆਤ ਤਦ ਹੋਈ ਜਦੋਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਡਾ. ਨਵਜੋਤ ਕੌਰ ਨੇ ਦਾਅਵਾ ਕੀਤਾ ਕਿ ਰੰਧਾਵਾ ਦੇ ਕਈ ਗੇਂਗਸਟਰਾਂ ਨਾਲ ਸਬੰਧ ਹਨ। ਇਹ ਬਿਆਨ ਸਾਹਮਣੇ ਆਉਂਦੇ ਹੀ ਕਾਂਗਰਸ ਦੇ ਅੰਦਰ ਖਲਬਲੀ ਮਚ ਗਈ।
ਰੰਧਾਵਾ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਨੂੰਨ ਅਤੇ ਨਿੱਜੀ ਨੈਤਿਕਤਾ ਨੂੰ ਸਭ ਤੋਂ ਉੱਪਰ ਰੱਖਣ ਵਾਲੇ ਵਿਅਕਤੀ ਹਨ ਅਤੇ ਇਹ ਦੋਸ਼ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਲਈ ਰਚੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਸਿੱਧੂ ਦੇ ਬਿਆਨਾਂ ਨਾਲ ਉਨ੍ਹਾਂ ਦੀ ਦਹਾਕਿਆਂ ਦੀ ਸਿਆਸੀ ਸਾਖ ‘ਤੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬ ਕਾਂਗਰਸ ਵਿੱਚ ਤਣਾਅ ਵੱਧਣ ਦੇ ਅਸਾਰ
ਇਹ ਘਟਨਾ ਅੱਗੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਨੇਤਾਵਾਂ ਵਿੱਚ ਵਧਦੀ ਦੂਰੀਆਂ ਅਤੇ ਆਪਸੀ ਟਕਰਾਅ ਪਾਰਟੀ ਦੀ ਅੰਦਰੂਨੀ ਇਕਜੁੱਟਤਾ ਲਈ ਚੁਣੌਤੀ ਬਣੇ ਹੋਏ ਹਨ।
ਅੱਗੇ ਦੇ ਦਿਨਾਂ ਵਿੱਚ ਇਹ ਮਾਮਲਾ ਹੋਰ ਭੜਕਣ ਦੇ ਅਸਾਰ ਹਨ ਕਿਉਂਕਿ ਹੁਣ ਦੋਵੇਂ ਧਿਰਾਂ ਕਾਨੂੰਨੀ ਅਤੇ ਰਾਜਨੀਤਿਕ ਪੱਧਰ ‘ਤੇ ਇੱਕ–ਦੂਜੇ ਦੇ ਮੁਕਾਬਲੇ ‘ਤੇ ਖੜੀਆਂ ਨਜ਼ਰ ਆ ਰਹੀਆਂ ਹਨ।







