ਡਾ. ਪ੍ਰੀਤੀ ਯਾਦਵ ਵੱਲੋਂ ਵੋਟ ਬਕਸਿਆਂ ਦੀ ਸੁਰੱਖਿਆ ਅਤੇ ਗਿਣਤੀ ਪ੍ਰਬੰਧ ਪੱਕੇ ਹੋਣ ਬਾਰੇ ਅਧਿਕਾਰੀਆਂ ਨਾਲ ਚਰਚਾ

ਪਟਿਆਲਾ, 9 ਦਸੰਬਰ: (ਚੌਧਰੀ ਪ੍ਰਭਜੀਤ ਸਿੰਘ): ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਜ਼ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ ਅਤੇ ਸਰਕਾਰੀ ITI, ਨਾਭਾ ਰੋਡ ਪਟਿਆਲਾ ਦਾ ਦੌਰਾ ਕਰਕੇ ਵੋਟ ਬਕਸਿਆਂ ਦੀ ਸੁਰੱਖਿਆ ਅਤੇ ਗਿਣਤੀ ਪ੍ਰਬੰਧ ਪੱਕੇ ਹੋਣ ਬਾਰੇ ਅਧਿਕਾਰੀਆਂ ਨਾਲ ਚਰਚਾ ਕੀਤੀ। ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਵੀ ਉਨ੍ਹਾਂ ਦੇ ਨਾਲ ਸਨ।

ਡਿਸਪੈਚ ਤੇ ਰਸੀਟ ਸੈਂਟਰਾਂ ਦਾ ਵੀ ਲਿਆ ਜਾਇਜ਼ਾ
ਡਾ. ਪ੍ਰੀਤੀ ਯਾਦਵ ਨੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13 ਦਸੰਬਰ ਨੂੰ ਪੋਲਿੰਗ ਅਮਲੇ ਨੂੰ ਵੋਟ ਬਕਸੇ ਅਤੇ ਹੋਰ ਚੋਣ ਸਮੱਗਰੀ ਰਵਾਨਾ ਕਰਨ ਲਈ ਬਣਾਏ ਗਏ ਡਿਸਪੈਚ ਸੈਂਟਰਾਂ ਦਾ ਵੀ ਨਿਰੀਖਣ ਕੀਤਾ।
ਉਨ੍ਹਾਂ ਨੇ ਵੋਟਿੰਗ ਮਗਰੋਂ ਵੋਟ ਬਕਸੇ ਜਮ੍ਹਾਂ ਕਰਵਾਉਣ ਲਈ ਬਣਾਏ ਗਏ ਰਸੀਟ ਸੈਂਟਰਾਂ ਦਾ ਵੀ ਜਾਇਜ਼ਾ ਲਿਆ ਅਤੇ ਚੋਣ ਅਮਲੇ ਦੀ ਤਿਆਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਅਧਿਕਾਰੀਆਂ ਤੋਂ ਕੀਤੀਆਂ ਤਿਆਰੀਆਂ ਬਾਰੇ ਰਿਪੋਰਟ ਲਿਆਈ
ਡਿਪਟੀ ਕਮਿਸ਼ਨਰ ਨੇ ਬਲਾਕ ਸੰਮਤੀ ਪਟਿਆਲਾ ਅਤੇ ਪਟਿਆਲਾ ਦਿਹਾਤੀ ਦੇ ਰਿਟਰਨਿੰਗ ਅਧਿਕਾਰੀਆਂ — ਐਸ.ਡੀ.ਐਮ ਹਰਜੋਤ ਕੌਰ ਮਾਵੀ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਨੀਤ ਸਿੰਗਲਾ — ਨਾਲ ਬੈਠਕ ਕਰਕੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸੀ.ਸੀ.ਟੀ.ਵੀ., ਵੀਡੀਓਗ੍ਰਾਫੀ ਅਤੇ ਸੁਰੱਖਿਆ ’ਤੇ ਖਾਸ ਜ਼ੋਰ
ਡਾ. ਯਾਦਵ ਨੇ ਹਦਾਇਤ ਕੀਤੀ ਕਿ ਸਟਰਾਂਗ ਰੂਮਜ਼ ਵਿੱਚ ਸੀ.ਸੀ.ਟੀ.ਵੀ. ਕਵਰੇਜ, ਵੀਡੀਓਗ੍ਰਾਫੀ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਨੇ ਕਿਹਾ ਕਿ ਚੋਣ ਅਮਲੇ ਦੀ ਸਿਖਲਾਈ ਵੀ ਉੱਚ ਪੱਧਰ ’ਤੇ ਕਰਵਾਈ ਜਾਵੇ, ਤਾਂ ਜੋ ਚੋਣ ਪ੍ਰਕਿਰਿਆ ਨਿਰਵਿਘਨ, ਪਾਰਦਰਸ਼ੀ ਅਤੇ ਸੁਤੰਤਰ ਤਰੀਕੇ ਨਾਲ ਸੰਪੰਨ ਹੋ ਸਕੇ।
ਡਿਪਟੀ ਕਮਿਸ਼ਨਰ ਦੇ ਇਸ ਨਿਰੀਖਣ ਤੋਂ ਬਾਅਦ ਚੋਣੀ ਤਿਆਰੀਆਂ ਨੂੰ ਹੋਰ ਤੀਵਰਤਾ ਮਿਲੀ ਹੈ ਅਤੇ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 14 ਦਸੰਬਰ ਨੂੰ ਚੋਣਾਂ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ।







