ਹਰਿਆਣਾ : 8 ਦਸੰਬਰ (ਜਗਦੇਵ ਰੰਚਨਾਂ) : ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਅੱਜ ਤੋਂ ਦੋ ਦਿਨਾਂ ਲਈ ਡਾਕਟਰਾਂ ਦੀ ਹੜਤਾਲ ਸ਼ੁਰੂ ਹੋ ਰਹੀ ਹੈ, ਜਿਸ ਕਰਕੇ ਸੂਬੇ ਭਰ ਦੀਆਂ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੀਆਂ ਕਈ ਅਣਸੁਣੀਆਂ ਮੰਗਾਂ ਨੂੰ ਲੈ ਕੇ ਰਾਜ-ਪੱਧਰੀ ਵਿਰੋਧ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ, ਰਾਜ ਦੇ ਲਗਭਗ 3,900 ਸਰਕਾਰੀ ਡਾਕਟਰਾਂ ਵਿੱਚੋਂ ਕਰੀਬ 3,000 ਹੜਤਾਲ ਵਿਚ ਸ਼ਾਮਲ ਹੋ ਸਕਦੇ ਹਨ। ਇਸ ਨਾਲ 28 ਸਿਵਲ ਹਸਪਤਾਲਾਂ ਦੇ ਨਾਲ-ਨਾਲ ਸੀਐਚਸੀ (CHC) ਅਤੇ ਪੀਐਚਸੀ (PHC) ਕੇਂਦਰਾਂ ਵਿੱਚ ਇਲਾਜ-ਪ੍ਰਕਿਰਿਆ ਰੁਕਣ ਦਾ ਖ਼ਤਰਾ ਹੈ।
ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿੱਚ ਸੀਨੀਅਰ ਮੈਡੀਕਲ ਅਫਸਰਾਂ (SMOs) ਦੀ ਸਿੱਧੀ ਭਰਤੀ ਰੋਕਣਾ ਅਤੇ ਡਾਕਟਰਾਂ ਲਈ ACP (Assured Career Progression) ਲਾਗੂ ਕਰਨਾ ਸ਼ਾਮਲ ਹੈ। ਤਿੰਨ ਦੌਰ ਦੀ ਗੱਲਬਾਤ ਦੇ ਬਾਵਜੂਦ, ਸਰਕਾਰ ACP ਬਾਰੇ ਕੋਈ ਸਪਸ਼ਟ ਭਰੋਸਾ ਨਹੀਂ ਦੇ ਸਕੀ। ਹਾਲਾਂਕਿ, SMO ਦੀ ਸਿੱਧੀ ਭਰਤੀ ਅਸਥਾਈ ਤੌਰ ‘ਤੇ ਰੋਕਣ ‘ਤੇ ਸਹਿਮਤੀ ਜ਼ਰੂਰ ਬਣੀ ਹੈ।
ਐਤਵਾਰ ਦੇਰ ਰਾਤ ਤੱਕ ਸਰਕਾਰੀ ਅਧਿਕਾਰੀਆਂ ਅਤੇ ਐਸੋਸੀਏਸ਼ਨ ਵਿਚਕਾਰ ਮੀਟਿੰਗਾਂ ਚੱਲਦੀਆਂ ਰਹੀਆਂ, ਪਰ ਮੁੱਖ ਮਸਲਿਆਂ ‘ਤੇ ਸਮਝੌਤਾ ਨਾ ਹੋਣ ਕਾਰਨ ਹੜਤਾਲ ਨੂੰ ਰੱਦ ਨਹੀਂ ਕੀਤਾ ਜਾ ਸਕਿਆ।
ਸਿਹਤ ਵਿਭਾਗ ਨੇ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਣ ਲਈ ਵਿਵਸਥਾਵਾਂ ਕਰਨ ਦਾ ਦਾਅਵਾ ਕੀਤਾ ਹੈ, ਪਰ ਅਧਿਕਾਰੀਆਂ ਮੰਨ ਰਹੇ ਹਨ ਕਿ ਆਊਟਡੋਰ ਅਤੇ ਰੁਟੀਨ ਇਲਾਜ ਪ੍ਰਭਾਵਿਤ ਹੋਵੇਗਾ।
ਰਾਜ ਦੇ ਲੋਕਾਂ ਲਈ ਇਹ ਦੋ ਦਿਨ ਸਿਹਤ ਸਹੂਲਤਾਂ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਚੁਣੌਤੀਪੂਰਨ ਸਾਬਤ ਹੋ ਸਕਦੇ ਹਨ।
