ਨਵਜੋਤ ਕੌਰ ਸਿੱਧੂ ਦੇ ਖੁਲਾਸਿਆਂ ਨੇ ਖੜਕਾਇਆ ਸਿਆਸੀ ਭੂਚਾਲ, ਬਲਤੇਜ ਪੰਨੂੰ ਵੱਲੋਂ ਕਾਂਗਰਸ ’ਤੇ ਤਿੱਖਾ ਹਮਲਾ
ਚੰਡੀਗੜ੍ਹ, 7 ਦਸੰਬਰ 2025: (ਛਤਰਪਾਲ ਸਿੰਘ) : ਪੰਜਾਬ AAP ਦੇ ਜਨਰਲ ਸੈਕਟਰੀ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂੰ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਗਏ ਹੈਰਾਨੀਜਨਕ ਖੁਲਾਸਿਆਂ ਨੂੰ ਲੈ ਕੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਬੋਲਿਆ ਹੈ। ਪੰਨੂੰ ਨੇ ਕਿਹਾ ਕਿ ਸਿੱਧੂ ਪਰਿਵਾਰ ਦੇ ਬਿਆਨਾਂ ਨੇ ਇਹ “ਭਿਆਨਕ ਸੱਚਾਈ” ਬਾਹਰ ਲਿਆ ਦਿੱਤੀ ਹੈ ਕਿ ਕਾਂਗਰਸ ਅੰਦਰ ਕਿਵੇਂ ਕੰਮ ਹੁੰਦਾ ਹੈ, ਕਿਵੇਂ ਲੀਡਰਸ਼ਿਪ ਅਤੇ ਅਹੁਦੇਦਾਰੀਆਂ ਪੈਸੇ ਦੇ ਆਧਾਰ ’ਤੇ ਤੈਅ ਹੁੰਦੀਆਂ ਹਨ ਅਤੇ ਕਿਵੇਂ ਪੰਜਾਬ ਦੇ ਹਿਤਾਂ ਨੂੰ ਨਿੱਜੀ ਲਾਲਸਾਵਾਂ ਅਤੇ ਮਾਲੀ ਸੌਦਿਆਂ ਤਹਿਤ ਦਬਾ ਦਿੱਤਾ ਜਾਂਦਾ ਹੈ।
ਪੰਨੂੰ ਨੇ ਦੱਸਿਆ ਕਿ ਨਵਜੋਤ ਕੌਰ ਸਿੱਧੂ ਨੇ ਦੋ ਵੱਡੇ ਦਾਅਵੇ ਕੀਤੇ ਹਨ—
ਨਵਜੋਤ ਸਿੰਘ ਸਿੱਧੂ ਤਦ ਹੀ ਸਿਆਸਤ ਵਿੱਚ ਵਾਪਸੀ ਕਰਨਗੇ ਜੇ ਕਾਂਗਰਸ ਪਹਿਲਾਂ ਉਸਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ।
ਸਿੱਧੂ ਪਰਿਵਾਰ ਕੋਲ 500 ਕਰੋੜ ਰੁਪਏ ਨਹੀਂ ਹਨ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਕਾਂਗਰਸ ਵਿੱਚ CM ਬਣਨ ਲਈ 500 ਕਰੋੜ ਦੀ ਡੀਲ ਜ਼ਰੂਰੀ ਹੈ।
ਇਨ੍ਹਾਂ ਬਿਆਨਾਂ ਨੂੰ “ਬਹੁਤ ਹੀ ਪਰੇਸ਼ਾਨੀਜਨਕ” ਕਰਾਰ ਦਿੰਦਿਆਂ ਪੰਨੂੰ ਨੇ ਤਿੱਖੇ ਸਵਾਲ ਖੜ੍ਹੇ ਕੀਤੇ:
“ਕੀ ਕਾਂਗਰਸ ਵਿੱਚ ਸੱਚਮੁੱਚ 500 ਕਰੋੜ ਦੇ ਬਦਲੇ CM ਦਾ ਚਿਹਰਾ ਵੇਚਿਆ ਜਾਂਦਾ ਹੈ? ਜੇ ਸਿੱਧੂ ਕਹਿੰਦੇ ਹਨ ਕਿ ਉਨ੍ਹਾਂ ਕੋਲ 500 ਕਰੋੜ ਨਹੀਂ, ਤਾਂ ਫਿਰ ਇਹ ਰਕਮ ਕੌਣ ਭਰਦਾ ਹੈ? ਇਹ ਪੈਸਾ ਕਿੱਥੇ ਜਾਂਦਾ ਹੈ? ਰਾਜ ਪ੍ਰਧਾਨ ਨੂੰ? ਹਾਈਕਮਾਂਡ ਨੂੰ? ਜਾਂ ਫਿਰ ਰਾਹੁਲ ਗਾਂਧੀ ਅਤੇ ਖੜਗੇ ਨੂੰ? ਪੰਜਾਬ ਦੇ ਲੋਕਾਂ ਨੂੰ ਇਸ ਦਾ ਜਵਾਬ ਚਾਹੀਦਾ ਹੈ।”
ਜਿਹੜੇ ਪਰਿਵਾਰ ਜਾਂ ਵਰਕਰ ਕਈ—ਕਈ ਪੀੜ੍ਹੀਆਂ ਤੋਂ ਕਾਂਗਰਸ ਵਿਚ ਆਪਣੇ ਤਨ—ਮਨ—ਧਨ ਨਾਲ ਸੇਵਾ ਕਰ ਰਹੇ ਹਨ ਤਾਂ ਉਨ੍ਹਾਂ ਦਾ ਭਵਿੱਖ ਹੋਵੇਗਾ?
ਪੰਨੂੰ ਨੇ ਯਾਦ ਦਿਵਾਇਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ, ਸਾਂਸਦ, ਵਿਧਾਇਕ ਅਤੇ ਕੈਬਿਨੇਟ ਮੰਤਰੀ ਰਹਿ ਚੁੱਕੇ ਹਨ।
“ਕੀ ਇਹ ਸਾਰੇ ਅਹੁਦੇ ਵੀ ਪੈਸੇ ਦੇ ਕੇ ਖਰੀਦੇ ਗਏ ਸਨ? ਕਾਂਗਰਸ ਪ੍ਰਧਾਨ ਬਣਨ ਲਈ ਘੱਟ ਰੇਟ ਲਗਦਾ ਹੈ? ਡਿਪਟੀ CM ਜਾਂ ਮੰਤਰੀ ਬਣਨ ਲਈ ਕਿੰਨੇ ਕਰੋੜ ਲੱਗਦੇ ਹਨ?” ਉਨ੍ਹਾਂ ਨੇ ਸਵਾਲ ਕੀਤਾ।
ਸਿੱਧੂ ਦੀ “ਸ਼ਰਤਾਂ ਵਾਲੀ ਸਿਆਸਤ” ਦਾ ਮਖੌਲ ਉਡਾਉਂਦੇ ਹੋਏ ਪੰਨੂੰ ਨੇ ਕਿਹਾ ਕਿ ਇਹ ਚੌਕਾਉਂਦੀ ਗੱਲ ਹੈ ਕਿ ਸਿੱਧੂ ਪਰਿਵਾਰ ਕਹਿੰਦਾ ਹੈ ਕਿ ਪੰਜਾਬ ਦੇ ” ਸੁਨਿਹਰੀ ਦਿਨ” ਤਦ ਹੀ ਵਾਪਸ ਆ ਸਕਦੇ ਹਨ ਜੇ ਸਿੱਧੂ ਨੂੰ CM ਚਿਹਰਾ ਬਣਾਇਆ ਜਾਵੇ।
“ਜੇ ਕਾਂਗਰਸ ਉਸਨੂੰ ਐਲਾਨ ਨਾ ਕਰੇ ਤਾਂ ਪੰਜਾਬ ਨੂੰ ਪੀੜਾ ਝੱਲਣ ਦਿਓ—ਕੀ ਇਹ ਸਿੱਧੂ ਪਰਿਵਾਰ ਦਾ ਸੰਘਰਸ਼ ਹੈ? ਕੀ ਪੰਜਾਬ ਸਿਰਫ ਨਵਜੋਤ ਸਿੱਧੂ ਲਈ ਇਕ ਸਿਆਸੀ ਸੌਦੇਬਾਜ਼ੀ ਦਾ ਮੈਦਾਨ ਹੈ?” ਪੰਨੂੰ ਨੇ ਤਿੱਖਾ ਸਵਾਲ ਕੀਤਾ।
ਪੰਨੂੰ ਨੇ ਸਿੱਧੂ ਦੀ ਰੰਗੀਲੀ ਸਿਆਸਤ—ਚਮਕਦਾਰ ਪ੍ਰੈਸ ਕਾਨਫਰੰਸਾਂ ਤੋਂ ਲੈ ਕੇ ਨਾਕਾਮ “ਜਿੱਤੇਗਾ ਪੰਜਾਬ” ਚੈਨਲ ਤੱਕ—ਦੀ ਚੋਟ ਕਰਦੇ ਹੋਏ ਕਿਹਾ ਕਿ ਜੇ ਸਿੱਧੂ ਕੋਲ ਪੰਜਾਬ ਨੂੰ ਬਚਾਉਣ ਦਾ ਕੋਈ “ਜਾਦੂਈ ਨੁਸਖਾ” ਸੀ, ਤਾਂ ਉਹ ਉਸਨੇ ਕਾਂਗਰਸ ਪ੍ਰਧਾਨ ਜਾਂ ਮੰਤਰੀ ਰਹਿੰਦੇ ਕਿਉਂ ਨਹੀਂ ਲਾਗੂ ਕੀਤਾ।
ਉਹ ਹਰੇਕ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਆਏ ਲੰਬੀ ਰੇਸ ਦਾ ਘੋੜਾ ਨਾ ਬਣ ਸਕੇ। ਜਿਵੇਂ ਕਿ ਕ੍ਰਿਕਟ ਦਾ ਮੈਦਾਨ ਹੋਈ ਜਾਂ ਕਮੈਂਟਰੀ ਜਾਂ ‘ਕਪਿਲ ਸ਼ਰਮਾ ਸ਼ੌਅ’ ਸਿਆਸਤ ਵਿਚ ਵੀ ਪੈਰ ਨਾ ਜਮਾ ਸਕੇ।
ਪੰਨੂੰ ਦੇ ਬਿਆਨਾਂ ਨਾਲ ਕਾਂਗਰਸ–AAP ਟਕਰਾਅ ਹੋਰ ਤਿੱਖਾ ਹੋ ਗਿਆ ਹੈ ਅਤੇ ਅਗਲੇ ਦਿਨਾਂ ਵਿੱਚ ਇਸ ਮਾਮਲੇ ਦੇ ਹੋਰ ਗਰਮਾਉਣ ਦੇ ਅਸਾਰ ਹਨ।







