ਪਟਿਆਲਾ, 07 ਦਸੰਬਰ (ਛਤਰਪਾਲ ਸਿੰਘ): ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਨਹਿਰੂ ਪਾਰਕ ਵਿੱਚ ਹੋਏ ਵਿਸ਼ੇਸ਼ ਸਫਾਈ ਅਭਿਆਨ ਦੌਰਾਨ ਪਲਾਸਟਿਕ ਥੈਲੇ ਨੂੰ ਕਰੋ ਨਾਂਹ, ਕੱਪੜੇ ਦੇ ਥੈਲੇ ਨੂੰ ਕਰੋ ਹਾਂ ਦੀ ਅਪੀਲ ਕੀਤੀ ਗਈ। ਦੱਸਣਯੋਗ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੋਸਾਇਟੀ ਵੱਲੋਂ ਕਾਫ਼ੀ ਸਮੇਂ ਤੋਂ ਚਲ ਰਹੀ ਪਲਾਸਟਿਕ ਮੁਕਤ ਮੁਹਿੰਮ ਤਹਿਤ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਸਫਾਈ ਮੁਹਿੰਮ ਦੀ ਅਗਵਾਈ ਸੋਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਕੀਤੀ। ਉਨ੍ਹਾਂ ਦੀ ਅਗਵਾਈ ਵਿੱਚ ਵਾਲੰਟੀਅਰਾਂ ਨੇ ਨਹਿਰੂ ਪਾਰਕ ਦੀਆਂ ਵੱਖ-ਵੱਖ ਥਾਵਾਂ ਤੋਂ ਕੂੜਾ, ਪਲਾਸਟਿਕ ਦੀਆਂ ਬੋਤਲਾਂ, ਰੈਪਰ ਆਦਿ ਇਕੱਠਾ ਕਰਕੇ ਸਫ਼ਾਈ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ਼ ਇੱਕ ਸਫਾਈ ਮੁਹਿੰਮ ਨਹੀਂ, ਸਗੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਪਹੁੰਚਾਉਣ ਦਾ ਉਦੇਸ਼ ਹੈ।
ਮੇਅਰ ਕੁੰਦਨ ਗੋਗੀਆ ਨੇ ਇਕੱਠ ਹੋਈ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਅੱਜ ਵਾਤਾਵਰਣ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ। ਇਸ ਨਾਲ ਮਿੱਟੀ, ਪਾਣੀ ਅਤੇ ਹਵਾ ਸਭ ਪ੍ਰਦੂਸ਼ਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਘਰ ਵਿੱਚ ਹੀ ਕੱਪੜੇ ਦੇ ਥੈਲੇ ਬਣਾਕੇ ਵਰਤਦੇ ਸਨ, ਜੋ ਕਿ ਵਾਤਵਰਣ ਲਈ ਇਕ ਸਹੀ ਕਦਮ ਸੀ। ਸਾਨੂੰ ਉਹੀ ਪਰੰਪਰਾ ਦੁਬਾਰਾ ਜੀਵਤ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਕਪੜੇ ਦੇ ਥੈਲੇ ਵੀ ਵੰਡੇ ਅਤੇ ਜਨਤਾ ਨੂੰ ਇਸ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ।
ਸੋਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਕਿਹਾ ਕਿ ਪੂਰਾ ਵਿਸ਼ਵ ਅੱਜ ਵਾਤਾਵਰਣ ਪ੍ਰਦੂਸ਼ਣ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਈ ਮਨੁੱਖਤਾ ਆਪ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਨਵੀਂ ਜਨਰੇਸ਼ਨ ਨੂੰ ਅੱਗੇ ਆ ਕੇ ਪਲਾਸਟਿਕ ਰਹਿਤ ਸਮਾਜ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਜੇ ਅਸੀਂ ਅੱਜ ਕਦਮ ਨਹੀਂ ਚੁੱਕਾਂਗੇ, ਤਾਂ ਭਵਿੱਖ ਗੰਭੀਰ ਖਤਰੇ ਵਿਚ ਹੋਵੇਗਾ।
ਇਸ ਮੌਕੇ ਪਾਰਕ ਵਿਚ ਸੈਰ ਕਰਨ ਆਏ ਲੋਕਾਂ ਨਾਲ ਸੋਸਾਇਟੀ ਦੇ ਮੈਂਬਰਾਂ ਨੇ ਗੱਲਬਾਤ ਕੀਤੀ ਅਤੇ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਫੈਲਾਈ। ਮੌਜੂਦ ਲੋਕਾਂ ਨੇ ਇਸ ਯਤਨ ਦੀ ਖੁੱਲ੍ਹ ਕੇ ਸਿਰਾਹਣਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਚਲਾਈਆਂ ਜਾਣੀਆਂ ਚਾਹੀਦੀਆਂ ਹਨ।
ਅੰਤ ਵਿੱਚ ਮੇਅਰ ਨੇ ਅਪੀਲ ਕੀਤੀ ਆਓ ਸਾਰੇ ਰੱਲ ਕੇ ਮੁਹਿੰਮ ਚਲਾਈਏ, ਪਲਾਸਟਿਕ ਮੁਕਤ ਪਟਿਆਲਾ ਬਣਾਈਏ। ਇਸ ਮੌਕੇ ਮੇਅਰ ਕੁੰਦਨ ਗੋਗੀਆ ਤੋ ਇਲਾਵਾ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ ਮੌਜੂਦ ਰਹੇ।







