ਬਠਿੰਡਾ: 7 ਦਸੰਬਰ, 2025 (ਛਤਰਪਾਲ ਸਿੰਘ) : ਬਠਿੰਡਾ–ਤਲਵੰਡੀ ਸਾਬੋ ਰੋਡ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਪਿੰਡ ਕੋਟਸ਼ਮੀਰ ਨੇੜੇ ਸਫ਼ਰ ਕਰ ਰਹੀ ਇੱਕ Honda City ਕਾਰ ਨੂੰ ਅਚਾਨਕ ਅੱਗ ਲੱਗ ਗਈ।
ਮਿਲੀ ਜਾਣਕਾਰੀ ਅਨੁਸਾਰ, ਅੱਗ ਲੱਗਣ ਕਾਰਨ ਮੌਕੇ ‘ਤੇ ਹਫੜਾ–ਦਫੜੀ ਮਚ ਗਈ। ਕਾਰ ਵਿੱਚ ਸਵਾਰ ਲੋਕਾਂ ਨੇ ਸਮਾਂ ਰਹਿੰਦੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਹਾਲਾਂਕਿ, ਕਾਰ ਨੂੰ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਉਹ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ।
ਮੁੱਢਲੀ ਜਾਣਕਾਰੀ ਅਨੁਸਾਰ, ਕਾਰ ਵਿੱਚ ਗੈਸ ਕਿੱਟ ਲੱਗੀ ਹੋਈ ਸੀ, ਜਿਸ ਕਾਰਨ ਅੱਗ ਲੱਗਣ ਦਾ ਸ਼ੱਕ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।







