ਨਵੇਂ ਰੈਣ ਬਸੇਰੇ ਹੋਣਗੇ ਜਰੂਰਤਮੰਦ ਲੋਕਾਂ ਲਈ ਹਮੇਸ਼ਾਂ ਖੁੱਲ੍ਹੇ- ਮੇਅਰ ਕਮਿਸ਼ਨਰ
ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ) : ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੇ ਬੇਘਰ ਅਤੇ ਦੂਰ– ਦਰਾੜੇ ਤੋਂ ਆਉਣ ਵਾਲੇ ਲੋਕਾਂ ਲਈ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਅਤੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਨਵੇਂ ਬਣਾਏ ਜਾ ਰਹੇ ਰੈਣ ਬਸੇਰਿਆਂ ਦਾ ਅੱਜ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ ਨੇ ਮੁਆਇਨਾ ਕੀਤਾ। ਦੋਵਾਂ ਅਧਿਕਾਰੀਆਂ ਨੇ ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਦੋ ਹੋਰ ਪਹਿਲਾ ਤੋਂ ਹੀ ਰੋਜ਼ ਗਾਰਡਨ ਦੇ ਵਿੱਚ ਦੂਸਰਾ ਸ਼੍ਰੀ ਕਾਲੀ ਮਾਤਾ ਰਾਣੀ ਮੰਦਰ ਦੇ ਕੋਲ ਰੈਣ ਬਸੇਰੇ ਬਣੇ ਹਨ। ਜਿਨ੍ਹਾਂ ਤੋਂ ਹਰ ਰੋਜ਼ ਸੈਂਕੜੇ ਲੋਕ ਲਾਭ ਲੈਂਦੇ ਹਨ।
ਕਮਿਸ਼ਨਰ ਪਰਮਜੀਤ ਸਿੰਘ ਨੇ ਮੌਕੇ ’ਤੇ ਦੱਸਿਆ ਕਿ ਨਵੇਂ ਰੈਣ ਬਸੇਰੇ ਪੂਰੀਆਂ ਸਹੂਲਤਾਂ ਨਾਲ ਲੈਸ ਹੋਣਗੇ। ਇਨ੍ਹਾਂ ਵਿੱਚ ਸਾਫ–ਸੁਥਰੇ ਬਿਸਤਰੇ, ਕੰਬਲ, ਪਾਣੀ ਅਤੇ ਸੁਰੱਖਿਆ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਨੂੰ ਦੇਖਦਿਆਂ ਨਗਰ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਵਿਅਕਤੀ ਖੁੱਲ੍ਹੇ ਆਕਾਸ਼ ਹੇਠ ਰਾਤ ਨਾ ਗੁਜਾਰੇ। ਇਸ ਲਈ ਨਵੇਂ ਰੈਣ ਬਸੇਰੇ ਬੇਘਰ ਅਤੇ ਅਸਹਾਇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਣਗੇ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਵਿੱਚ ਮਨੁੱਖੀ ਸੇਵਾ ਨੂੰ ਸਭ ਤੋਂ ਉੱਚੀ ਤਰਜੀਹ ਦਿੱਤੀ ਜਾ ਰਹੀ ਹੈ। “ਰੈਣ ਬਸੇਰੇ ਸਿਰਫ਼ ਸਹੂਲਤ ਨਹੀਂ, ਸਗੋਂ ਮਨਵਤਾ ਦੀ ਸੱਚੀ ਸੇਵਾ ਹਨ। ਮੇਅਰ ਨੇ ਦੱਸਿਆ ਕਿ ਨਿਗਮ ਟੀਮ ਵੱਲੋਂ ਨਿਯਮਿਤ ਤੌਰ ’ਤੇ ਰੈਣ ਬਸੇਰਿਆਂ ਦੀ ਮੋਨੀਟਰਿੰਗ ਕੀਤੀ ਜਾਵੇਗੀ।
ਦੋਵਾਂ ਅਧਿਕਾਰੀਆਂ ਨੇ ਸਫ਼ਾਈ, ਸੁਰੱਖਿਆ ਅਤੇ ਬੇਘਰ ਲੋਕਾਂ ਲਈ ਸਹੂਲਤਾਂ ਦੀ ਜਾਂਚ ਕੀਤੀ ਅਤੇ ਸਬੰਧਤ ਸਟਾਫ ਨੂੰ ਨਿਰਦੇਸ਼ ਜਾਰੀ ਕੀਤੇ ਕਿ ਰੈਣ ਬਸੇਰਿਆਂ ਵਿੱਚ ਆਉਣ ਵਾਲੇ ਹਰ ਵਿਅਕਤੀ ਨਾਲ ਸਤਿਕਾਰ ਅਤੇ ਸਮਰਪਣ ਨਾਲ ਵਤੀਰਾ ਕੀਤਾ ਜਾਵੇ।
ਨਵੇਂ ਰੈਣ ਬਸੇਰਿਆਂ ਦੀ ਸ਼ੁਰੂਆਤ ਨਾਲ ਪਟਿਆਲਾ ਵਿੱਚ ਸਰਦੀ ਦੇ ਮੌਸਮ ਦੌਰਾਨ ਬੇਘਰ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਨਗਰ ਨਿਗਮ ਦੀ ਐਮਰਜੈਂਸੀ ਰਾਹਤ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ।







