ਪਿਪਲਾਨੀ ਗੈਂਗ ਨਾਲ ਜੁੜੇ ਹੋਣ ਦੇ ਸੰਕੇਤ, ਗੈਂਗਵਾਰ ਦੀ ਜਾਂਚ ਤੇਜ਼
ਚੰਡੀਗੜ੍ਹ: 5 ਦਸੰਬਰ: (ਛਤਰਪਾਲ ਸਿੰਘ) : ਸੈਕਟਰ-26 ਟਿੰਬਰ ਮਾਰਕੀਟ ਨੇੜੇ 35 ਸਾਲਾ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਹੋਏ ਦਿਨ-ਦਿਹਾੜੇ ਕਤਲ ਨੂੰ ਤਿੰਨ ਦਿਨ ਬੀਤ ਗਏ ਹਨ, ਪਰ ਚੰਡੀਗੜ੍ਹ ਪੁਲਿਸ ਹਾਲੇ ਤੱਕ ਕਿਸੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਨਹੀਂ ਹੋਈ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਹਮਲਾਵਰਾਂ ਅਤੇ ਸਹਿ-ਸਾਜ਼ਿਸ਼ਕਰਤਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਏ ਮੁੱਖ ਸ਼ੱਕੀਆਂ ਵਿੱਚੋਂ ਇੱਕ ਪਿਊਸ਼ ਪਿਪਲਾਨੀ ਹੈ, ਜੋ ਇਸ ਸਾਲ ਜੂਨ ਵਿੱਚ ਪਿੰਜੌਰ ਦੇ ਮਾਲ ਦੇ ਬਾਹਰ ਕਬੱਡੀ ਖਿਡਾਰੀ ਸੋਨੂੰ ਨੋਲਟਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਤੋਂ ਫਰਾਰ ਚੱਲ ਰਿਹਾ ਹੈ।
ਪਿੰਜੌਰ ਕਤਲ ਨਾਲ ਕਨੇਕਸ਼ਨ, ਗੈਂਗਵਾਰ ਦੇ ਇਸ਼ਾਰੇ
ਪਿਪਲਾਨੀ ਦਾ ਨਾਂ ਪਿੰਜੌਰ ਕਤਲ ਮਾਮਲੇ ਤੋਂ ਬਾਅਦ ਬਹੁਤ ਚਰਚਾ ਵਿੱਚ ਆਇਆ ਸੀ। ਸੋਨੂੰ ਨੋਲਟਾ ਦੀ ਜੂਨ ਵਿੱਚ ਅਮਰਾਵਤੀ ਮਾਲ ਬਾਹਰ ਗੋਲੀਆਂ ਮਾਰ ਕੇ ਹੱਤਿਆ ਹੋਈ ਸੀ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕੁਝ ਵਿਅਕਤੀਆਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਪੁਲਿਸ ਅਨੁਸਾਰ, ਪਿਪਲਾਨੀ ਉਸ ਮਾਮਲੇ ਵਿਚ ਵੀ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ।
ਹੁਣ ਜਾਂਚਕਰਤਾ ਇਹ ਖੰਗਾਲ ਰਹੇ ਹਨ ਕਿ ਕੀ ਸੈਕਟਰ-26 ਦੀ ਘਟਨਾ ਵੀ ਉਸੇ ਨੈੱਟਵਰਕ ਦੀ ਲੜੀ ਹੈ ਅਤੇ ਕੀ ਇਹ ਆਪਸੀ ਰੰਜਿਸ਼ ਜਾਂ ਗੈਂਗਵਾਰ ਦਾ ਨਤੀਜਾ ਹੈ।
ਗੱਡੀ ਦੇ ਅੰਦਰ ਚਲੀਆਂ ਗੋਲੀਆਂ, SUV ਵਿੱਚੋਂ ਵੀ ਕੀਤੀ ਫਾਇਰਿੰਗ
ਘਟਨਾ ਸੋਮਵਾਰ ਸ਼ਾਮ ਕਰੀਬ 6 ਵਜੇ ਵਾਪਰੀ ਜਦੋਂ ਪੈਰੀ ਸੈਕਟਰ-26 ਵਿੱਚ ਇੱਕ ਨਿੱਜੀ ਕਲੱਬ ਤੋਂ ਆਪਣੀ ਕਾਰ ਵਿੱਚ ਨਿਕਲਿਆ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੱਤਾ ਕਿ ਕਾਰ ਦੀ ਅੱਗੇਲੀ ਸੀਟ ‘ਤੇ ਬੈਠੇ ਵਿਅਕਤੀ ਨੇ ਹੀ ਉਸ ‘ਤੇ ਨਜ਼ਦੀਕੀ ਤੋਂ ਗੋਲੀਆਂ ਚਲਾਈਆਂ।
ਇਸ ਤੋਂ ਕੁਝ ਸਮੇਂ ਬਾਅਦ ਪਿੱਛੇ ਆ ਰਹੀ ਇੱਕ ਚਿੱਟੀ SUV ਘਟਨਾ ਸਥਾਨ ‘ਤੇ ਰੁਕੀ ਅਤੇ ਹੋਰ ਹਮਲਾਵਰਾਂ ਨੇ ਵੀ ਕਈ ਗੋਲੀਆਂ ਚਲਾਈਆਂ। ਪੁਲਿਸ ਨੂੰ ਮੌਕੇ ਤੋਂ ਕਈ ਖਾਲੀ ਖੋਲ ਅਤੇ ਇੱਕ ਜ਼ਿੰਦਾ ਕਾਰਤੂਸ ਮਿਲਿਆ ਹੈ।
ਜਾਂਚ ਤੇਜ਼, ਗ੍ਰਿਫ਼ਤਾਰੀਆਂ ਜਲਦ ਸੰਭਵ
ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਮਲਾਵਰਾਂ ਦੀ ਸਪੱਸ਼ਟ ਪਛਾਣ ਹੋ ਚੁੱਕੀ ਹੈ। ਪਿਪਲਾਨੀ ਸਮੇਤ ਕਈ ਨਾਮਜ਼ਦ ਸ਼ਕੀਲੋਕਾ ਦੀ ਲੋਕੇਸ਼ਨ ਟ੍ਰੈਕ ਕੀਤੀ ਜਾ ਰਹੀ ਹੈ ਅਤੇ ਟੀਮਾਂ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸਨੂੰ ਪੁਰਾਣੀ ਰੰਜਿਸ਼ ਅਤੇ ਗੈਂਗਵਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
