ਮੇਅਰ ਵਿਨੀਤ ਧੀਰ ਦੇ ਪ੍ਰੋਜੈਕਟ ਨੂੰ ਸਰਕਾਰ ਤੋਂ ਮਨਜ਼ੂਰੀ
ਜਲੰਧਰ : (ਚੌਧਰੀ ਪ੍ਰਭਜੀਤ ਸਿੰਘ) : ਮੇਅਰ ਵਿਨੀਤ ਧੀਰ ਦੇ ਸੁਪਨਮਈ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ। ਲੰਬੇ ਸਮੇਂ ਤੋਂ ਲਟਕ ਰਿਹਾ ਇਹ ਮਹੱਤਵਪੂਰਨ ਪ੍ਰੋਜੈਕਟ ਹੁਣ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ, ਸ਼ਹਿਰ ਵਿੱਚੋਂ ਲੰਘਦੀ ਬਿਸਤ ਦੁਆਬ ਨਹਿਰ ਦੇ ਦੋਵੇਂ ਕੰਢਿਆਂ ’ਤੇ ਲਗਭਗ 12 ਕਿਲੋਮੀਟਰ ਤੱਕ ਲੋਹੇ ਦੀਆਂ ਗਰਿੱਲਾਂ ਲਗਾਈਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਨਹਿਰ ਵਿੱਚ ਕੂੜਾ ਸੁੱਟਣ ਤੋਂ ਰੋਕ ਕੇ ਸ਼ਹਿਰ ਦੀ ਸਫਾਈ ਨੂੰ ਬਿਹਤਰ ਬਣਾਇਆ ਜਾ ਸਕੇ।
ਗਰਿੱਲਾਂ ਦੀ ਸਥਾਪਨਾ ਦੇਵੀਅਤ ਨੇੜੇ ਰੇਲਵੇ ਲਾਈਨ ਤੋਂ ਗਾਖਲਾ ਪੁਲ ਤੱਕ ਕੀਤੀ ਜਾਵੇਗੀ।
ਦੋ ਨਵੇਂ ਕਲਵਰਟਾਂ ਦੇ ਨਿਰਮਾਣ ਲਈ ਵੀ ਰਾਹ ਪੱਧਰਾ
ਮੇਅਰ ਧੀਰ ਦੇ ਯਤਨਾਂ ਨਾਲ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇੜੇ ਨਹਿਰ ਉੱਪਰ ਦੋ ਨਵੇਂ ਕਲਵਰਟਾਂ ਦੀ ਉਸਾਰੀ ਲਈ ਮਨਜ਼ੂਰੀ ਮਿਲ ਚੁੱਕੀ ਹੈ।
ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ (ਐਨਆਈਟੀ) ਨੇ ਇਨ੍ਹਾਂ ਕਲਵਰਟਾਂ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
- ਨਿਰਮਾਣ ਦੀ ਕੁੱਲ ਲਾਗਤ: ₹5.25 ਕਰੋੜ
- ਇੱਕ ਕਲਵਰਟ ਗੁਲਾਬ ਦੇਵੀ ਰੋਡ ’ਤੇ
- ਦੂਜਾ ਕਲਵਰਟ ਆਰੀਆ ਨਗਰ (ਛੋਟੀ ਨਹਿਰ ਕੰਢੇ) ਨੇੜੇ ਬਣਾਇਆ ਜਾਵੇਗਾ
ਗੁਲਾਬ ਦੇਵੀ ਹਸਪਤਾਲ ਰੋਡ ’ਤੇ ਪੁਰਾਣਾ ਨਹਿਰੀ ਪੁਲ — ਹਾਦਸਿਆਂ ਦਾ ਕੇਂਦਰ
ਇਲਾਕੇ ਦਾ ਪੁਰਾਣਾ ਨਹਿਰੀ ਪੁਲ ਕਾਫ਼ੀ ਸਮੇਂ ਤੋਂ ਖਸਤਾਹਾਲ ਹੈ। ਕੰਧਾਂ ਢਹਿ ਚੁੱਕੀਆਂ ਹਨ ਅਤੇ ਤੰਗ ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਕਰਕੇ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ।
ਸਥਾਨਕ ਨਿਵਾਸੀਆਂ ਦੇ ਮੁਤਾਬਕ:
- ਪੁਲ ਕਿਸੇ ਵੀ ਵੇਲੇ ਡਿੱਗ ਸਕਦਾ ਹੈ
- ਆਲੇ ਦੁਆਲੇ ਕਈ ਰਿਹਾਇਸ਼ੀ ਕੌਲਨੀਆਂ ਤੇ ਗੋਦਾਮ ਹਨ
- ਤੰਗ ਪੁਲ ਕਾਰਨ ਟ੍ਰੈਫਿਕ ਜਾਮ ਰੋਜ਼ਾਨਾ ਦੀ ਸਮੱਸਿਆ
- ਨਗਰ ਨਿਗਮ ਦੇ ਬੀ ਐਂਡ ਆਰ ਵਿਭਾਗ ਨੇ ਕਦੇ ਮੁਰੰਮਤ ਜਾਂ ਚੌੜਾਈ ‘ਤੇ ਧਿਆਨ ਨਹੀਂ ਦਿੱਤਾ
ਮੇਅਰ ਧੀਰ ਦੇ ਨਿਰਦੇਸ਼ਾਂ ਤੋਂ ਬਾਅਦ ਪ੍ਰੋਜੈਕਟ ਵਿੱਚ ਤੇਜ਼ੀ
ਜਨਵਰੀ 2025 ਵਿੱਚ ਅਹੁਦਾ ਸੰਭਾਲਦੇ ਹੀ ਮੇਅਰ ਵਿਨੀਤ ਧੀਰ ਨੇ ਅਧਿਕਾਰੀਆਂ ਨੂੰ ਪੁਲ ਦੀ ਜਾਂਚ ਕਰਕੇ ਨਵੀਂ ਉਸਾਰੀ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਸਨ। ਪਰ ਸਿੰਚਾਈ ਵਿਭਾਗ ਤੋਂ ਐਨਓਸੀ ਨਾ ਮਿਲਣ ਕਾਰਨ ਫਾਈਲ ਲੰਬੇ ਸਮੇਂ ਤੱਕ ਅਟਕੀ ਰਹੀ।
ਸ਼ਹੀਦ ਬਾਬੂ ਲਾਭ ਸਿੰਘ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਭੂ ਨੈਣਜੋਤ ਸਿੰਘ ਗੋਗਾ ਪਿਛਲੇ ਤਿੰਨ ਸਾਲਾਂ ਤੋਂ ਪੁਲ ਦੇ ਚੌੜਾਈਕਰਨ ਲਈ ਸੰਘਰਸ਼ ਕਰ ਰਹੇ ਸਨ। ਕਈ ਵਾਰ ਨਿਗਮ ਦਾ ਦਰਵਾਜ਼ਾ ਖੜਕਾਉਣ ਬਾਵਜੂਦ ਕਾਰਵਾਈ ਨਹੀਂ ਹੋਈ।
ਇਸੇ ਤਰ੍ਹਾਂ ਮੌਜੂਦਾ ਕੌਂਸਲਰ ਦੇ ਪਤੀ ਬੌਬੀ ਸ਼ਰਮਾ ਅਤੇ ਸਾਬਕਾ ਕੌਂਸਲਰ ਮਿੰਟੂ ਗੁੱਜਰ ਵੀ ਇਹ ਮੁੱਦਾ ਵਾਰੰਵਾਰ ਉਠਾ ਚੁੱਕੇ ਸਨ, ਪਰ ਬੀ ਐਂਡ ਆਰ ਦੇ ਕੰਨ ’ਤੇ ਜੂੰ ਨਾ ਰੇਂਗੀ।
ਹੁਣ ਮਿਲੇਗੀ ਇਲਾਕੇ ਨੂੰ ਵੱਡੀ ਰਾਹਤ
ਮੇਅਰ ਵਿਨੀਤ ਧੀਰ ਦੀ ਲਗਾਤਾਰ ਕੋਸ਼ਿਸ਼ਾਂ ਸਦਕਾ ਹੁਣ ਇਹ ਸਾਰੇ ਪ੍ਰੋਜੈਕਟ ਸ਼ੁਰੂ ਹੋਣ ਵਾਲੇ ਹਨ। ਪ੍ਰਧਾਨ ਪ੍ਰਭੂ ਨੈਣਜੋਤ ਸਿੰਘ ਗੋਗਾ ਨੇ ਮੇਅਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕਦਮ ਇਲਾਕੇ ਵਾਸੀਆਂ ਲਈ ਵੱਡੀ ਰਾਹਤ ਲਿਆਏਗਾ ਅਤੇ ਆਵਾਜਾਈ, ਸੁਰੱਖਿਆ ਅਤੇ ਸਫਾਈ ਦੀਆਂ ਲੰਬੇ ਸਮੇਂ ਤੋਂ ਚੱਲ ਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ।







