ਐਚ.ਡੀ.ਐਫ.ਸੀ. ਬੈਂਕ ਦੀ ਇਮਾਰਤ ਸੀਲ ਕਰਨ ਦੇ ਹੁਕਮ ਜਾਰੀ
ਸੁਲਤਾਨਪੁਰ ਲੋਧੀ: (ਚੌਧਰੀ ਪ੍ਰਭਜੀਤ ਸਿੰਘ) : ਜਾਇਦਾਦ ਮਾਲਕਾਂ ਲਈ ਇੱਕ ਵੱਡੀ ਅਤੇ ਚੇਤਾਵਨੀ ਭਰੀ ਖ਼ਬਰ ਸਾਹਮਣੇ ਆਈ ਹੈ। ਨਗਰ ਕੌਂਸਲ ਸੁਲਤਾਨਪੁਰ ਲੋਧੀ ਨੇ ਸਾਫ਼ ਕਰ ਦਿੱਤਾ ਹੈ ਕਿ ਜਿਨ੍ਹਾਂ ਮਾਲਕਾਂ ਨੇ ਬਾਰੰਬਾਰ ਨੋਟਿਸ ਦੇ ਬਾਵਜੂਦ ਜਾਇਦਾਦ ਟੈਕਸ ਨਹੀਂ ਭਰਿਆ, ਉਨ੍ਹਾਂ ਦੀਆਂ ਇਮਾਰਤਾਂ ਨੂੰ ਤੁਰੰਤ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਹ ਫੈਸਲਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਧੀਨ ਲਿਆ ਗਿਆ ਹੈ।
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਬਲਜੀਤ ਸਿੰਘ ਬਿਲਗਾ ਨੇ ਜਾਣਕਾਰੀ ਦਿੱਤੀ ਕਿ ਟੈਕਸ ਭੁਗਤਾਨ ਨੂੰ ਲੈ ਕੇ ਕੜਾਈ ਧਾਰ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ ਵਿਚਲੇ ਐਚ.ਡੀ.ਐਫ.ਸੀ. ਬੈਂਕ ਦੀ ਇਮਾਰਤ ਦੇ ਮਾਲਕ ਵਲੋਂ ₹1,32,938 ਜਾਇਦਾਦ ਟੈਕਸ ਬਕਾਇਆ ਸੀ, ਜਿਸ ਬਾਰੇ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਭੁਗਤਾਨ ਨਹੀਂ ਕੀਤਾ ਗਿਆ।
ਪ੍ਰਬੰਧਕੀ ਕਾਰਵਾਈ ਦੇ ਤਹਿਤ, ਬਿਲਗਾ ਨੇ ਇਮਾਰਤ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਸਹਾਇਕ ਨਗਰ ਇੰਜੀਨੀਅਰ ਨਰੇਸ਼ ਸ਼ਰਮਾ ਨੂੰ ਟੀਮ ਨਾਲ ਬੈਂਕ ਪਹੁੰਚਣ ਲਈ ਭੇਜਿਆ। ਜਦੋਂ ਟੀਮ ਬੈਂਕ ਸੀਲ ਕਰਨ ਲਈ ਪਹੁੰਚੀ ਤਾਂ ਬੈਂਕ ਅਧਿਕਾਰੀਆਂ ਨੇ ਮਾਲਕ ਨਾਲ ਸੰਪਰਕ ਕਰਵਾਇਆ। ਮਾਮਲੇ ਦੀ ਗੰਭੀਰਤਾ ਸਮਝਦਿਆਂ, ਇਮਾਰਤ ਮਾਲਕ ਨੇ ਤੁਰੰਤ ਨਗਰ ਕੌਂਸਲ ਦੇ ਖਾਤੇ ਵਿੱਚ ਪੂਰਾ ਬਕਾਇਆ ₹1,32,938 ਜਮ੍ਹਾਂ ਕਰਵਾ ਦਿੱਤਾ, ਜਿਸ ਤੋਂ ਬਾਅਦ ਸੀਲ ਕਰਨ ਦੀ ਕਾਰਵਾਈ ਰੋਕ ਦਿੱਤੀ ਗਈ।
ਈ.ਓ. ਬਲਜੀਤ ਸਿੰਘ ਬਿਲਗਾ ਨੇ ਸ਼ਹਿਰ ਵਾਸੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਆਪਣਾ ਜਾਇਦਾਦ ਟੈਕਸ ਨਹੀਂ ਭਰਿਆ, ਉਹ ਤੁਰੰਤ ਭੁਗਤਾਨ ਕਰ ਦੇਣ। ਨਾ ਭਰਨ ਦੀ ਸੂਰਤ ਵਿੱਚ, ਨਗਰ ਕੌਂਸਲ ਬਿਨਾਂ ਕਿਸੇ ਹੋਰ ਨੋਟਿਸ ਦੇ ਜਾਇਦਾਦ ਤੁਰੰਤ ਸੀਲ ਕਰੇਗੀ।
ਨਗਰ ਕੌਂਸਲ ਵੱਲੋਂ ਇਹ ਕਦਮ ਸ਼ਹਿਰ ਦੇ ਵਿੱਤੀ ਪ੍ਰਬੰਧਨ ਨੂੰ ਸੁਧਾਰਨ ਅਤੇ ਬਕਾਇਆ ਰਕਮ ਦੀ ਵसूਲੀ ਤੇਜ਼ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
