ਚੰਡੀਗੜ੍ਹ: 4 ਦਸੰਬਰ 2025 (ਛਤਰਪਾਲ ਸਿੰਘ) : ਹਰਿਆਣਾ ਸਰਕਾਰ ਨੇ ਵਿਦੇਸ਼ ਵਿੱਚ ਰੁਜ਼ਗਾਰ ਦੀਆਂ ਵਧਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੌਜਵਾਨਾਂ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਰਾਜ ਦੇ ਨੌਜਵਾਨਾਂ ਨੂੰ ਜਰਮਨ, ਜਾਪਾਨੀ ਅਤੇ ਇਤਾਲਵੀ ਭਾਸ਼ਾਵਾਂ ਮੁਫ਼ਤ ਸਿਖਾਈਆਂ ਜਾਣਗੀਆਂ, ਤਾਂ ਜੋ ਉਹ ਵਿਸ਼ਵ ਪੱਧਰ ‘ਤੇ ਉੱਚੇ ਮਿਆਰ ਦੇ ਰੋਜ਼ਗਾਰ ਮੌਕਿਆਂ ਲਈ ਤਿਆਰ ਹੋ ਸਕਣ।
ਇਸ ਸਬੰਧੀ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ (HKRN) ਦੇ ਡਾਇਰੈਕਟਰ ਬੋਰਡ ਨੇ “ਵਿਦੇਸ਼ੀ ਭਾਸ਼ਾ ਸਹਾਇਤਾ ਅਤੇ ਪ੍ਰਤੀਪੂਰਤੀ ਯੋਜਨਾ” ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਹੋਈ ਬੋਰਡ ਦੀ 12ਵੀਂ ਮੀਟਿੰਗ ਵਿੱਚ ਲਿਆ ਗਿਆ।
ਮੀਟਿੰਗ ਵਿੱਚ ਹੋਏ ਮਹੱਤਵਪੂਰਨ ਫੈਸਲੇ
- ਵਿਸ਼ਵ ਪੱਧਰੀ ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਨੌਕਰੀਆਂ ਲਈ ਤਿਆਰੀ ‘ਤੇ ਖਾਸ ਧਿਆਨ।
- ਨੌਜਵਾਨਾਂ ਨੂੰ ਗਲੋਬਲ ਭਾਸ਼ਾਵਾਂ ਵਿੱਚ ਨਿਪੁੰਨ ਕਰਕੇ ਇੱਕ ਤਿਆਰ ਵਰਕਫੋਰਸ ਪੂਲ ਬਣਾਉਣਾ।
- ਜਿਵੇਂ ਹੀ ਵਿਦੇਸ਼ ਵਿੱਚ ਨੌਕਰੀ ਦੀ ਮੰਗ ਪੈਦਾ ਹੋਵੇਗੀ, ਪ੍ਰਮਾਣਿਤ ਉਮੀਦਵਾਰਾਂ ਦੀ ਤੁਰੰਤ ਤਾਇਨਾਤੀ ਸੰਭਵ ਹੋਵੇਗੀ।
ਸਰਕਾਰ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਬਦਲ ਰਹੀਆਂ ਮੰਗਾਂ ਦੇ ਮੱਦੇਨਜ਼ਰ ਭਾਸ਼ਾ ਪ੍ਰੋਫੀਸ਼ੈਂਸੀ ਨੌਕਰੀ ਦੇ ਮੌਕੇ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੋ ਗਈ ਹੈ। ਇਹ ਨਵੀਂ ਯੋਜਨਾ ਨੌਜਵਾਨਾਂ ਨੂੰ ਨਾ ਕੇਵਲ ਰੁਜ਼ਗਾਰ ਯੋਗ ਬਣਾਏਗੀ, ਸਗੋਂ ਉਨ੍ਹਾਂ ਲਈ ਗਲੋਬਲ ਦਰਵਾਜ਼ੇ ਵੀ ਖੋਲ੍ਹੇਗੀ।
ਹਰਿਆਣਾ ਸਰਕਾਰ ਦੀ ਇਹ ਪਹਿਲ ਰਾਜ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇ ਲਈ ਮਜ਼ਬੂਤ ਬਨੀਾਦ ਮੁਹੱਈਆ ਕਰਵਾਏਗੀ।







