ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਤਿਮਾਹੀ ਮੀਟਿੰਗ ਦੀ ਅਗਵਾਈ

ਪਟਿਆਲਾ, 2 ਦਸੰਬਰ: (ਛਤਰਪਾਲ ਸਿੰਘ) : ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੂੰ ਟੋਕਨ ਫਲੈਗ ਲਗਾ ਕੇ ਸਮਰਪਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਹੋਈ, ਜਿਸ ਵਿੱਚ ਸੈਨਿਕ ਭਲਾਈ ਸਕੀਮਾਂ ਦੀ ਕਾਰਗੁਜ਼ਾਰੀ ਅਤੇ ਨਵੀਆਂ ਅਪਡੇਟਾਂ ਦਾ ਜਾਇਜ਼ਾ ਲਿਆ ਗਿਆ।

ਮੀਟਿੰਗ ਦੌਰਾਨ ਕਮਾਂਡਰ ਬਲਜਿੰਦਰ ਵਿਰਕ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਧਿਕਾਰੀ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਸੈਨਿਕ ਬੋਰਡ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਚਲ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਪ੍ਰਸਤੁਤੀ ਦਿੱਤੀ। ਦੋ ਕੁਆਟਰਾਂ ਦੀ ਭਲਾਈ ਕਾਰਗੁਜ਼ਾਰੀ ਅਤੇ ਹਾਲੀਆ ਸਕੀਮਾਂ ਵਿੱਚ ਕੀਤੇ ਵਾਧੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਵਧੀਕ ਡਿਪਟੀ ਕਮਿਸ਼ਨਰ ਨੂੰ ਅਵਗਤ ਕਰਵਾਉਂਦਿਆਂ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਦਿੱਤੀਆਂ ਗਈਆਂ ਕਿ ਸਭ ਯੋਜਨਾਵਾਂ — ਜਿਵੇਂ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ, ਬੇਸਿਕ ਕੰਪਿਊਟਰ ਕੋਰਸ ਅਤੇ ਐਨ.ਏ.ਐਲ.ਐਸ.ਏ. ਅਧੀਨ ਮੁਫ਼ਤ ਕਾਨੂੰਨੀ ਸਹਾਇਤਾ — ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸੈਨਿਕ ਪਰਿਵਾਰ ਲਾਭ ਪ੍ਰਾਪਤ ਕਰ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਵਿਭਾਗ ਦਾ 2026 ਦਾ ਟੇਬਲ ਕੈਲੰਡਰ ਅਤੇ ਡਾਇਰੀ ਜਨਤਾ ਨੂੰ ਸਮਰਪਿਤ ਕੀਤੇ। ਉਨ੍ਹਾਂ ਜ਼ਿਲ੍ਹੇ ਦੇ ਸੰਸਥਾਨਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਖੁੱਬ ਯੋਗਦਾਨ ਪਾਉਣ।
ਮੀਟਿੰਗ ਦੇ ਸਮਾਪਨ ‘ਤੇ ਫਲੈਗ ਡੇਅ ਫੰਡ ਵਿਚੋਂ 6 ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਦੇ ਚੈੱਕ ਵੰਡੇ ਗਏ।
ਇਸ ਮੌਕੇ ਕਰਨਲ ਜਸਬੀਰ ਸਿੰਘ (ਰਿਟਾ.), ਕੈਪਟਨ ਸ਼ੀਤਲ ਕੁਮਾਰ (ਰਿਟਾ.), ਐਡਵੋਕੇਟ ਸੁਖਵੰਤ ਸਿੰਘ ਘੁੰਮਾਣ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਬੋਰਡ ਮੈਂਬਰ ਹਾਜ਼ਰ ਸਨ।







