ਮੋਹਾਲੀ 02 ਦਸੰਬਰ (ਜਗਜੀਤ ਸਿੰਘ) : PRTC ਅਤੇ ਪਨਸਪ ਦੇ ਕੱਚੇ ਮੁਲਾਜ਼ਮਾਂ ਨੇ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਹੜਤਾਲ ਨੂੰ ਫਿਲਹਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮਾਂ ਵੱਲੋਂ ਲਗਾਇਆ ਧਰਨਾ ਵੀ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਗਿਆ ਹੈ।
ਮੁਲਾਜ਼ਮ ਜਥੇਬੰਦੀਆਂ ਦੀ ਟ੍ਰਾਂਸਪੋਰਟ ਮੰਤਰੀ ਨਾਲ ਹੋਈ ਗੱਲਬਾਤ ਦੌਰਾਨ ਕਈ ਮਹੱਤਵਪੂਰਨ ਭਰੋਸੇ ਮਿਲੇ। ਸਰਕਾਰ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਮੁਲਾਜ਼ਮਾਂ ਉੱਤੇ ਛੋਟੀਆਂ ਧਾਰਾਵਾਂ ਹੇਠ ਮਾਮਲੇ ਦਰਜ ਹਨ, ਉਨ੍ਹਾਂ ਨੂੰ ਅੱਜ ਸ਼ਾਮ ਤੱਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਇਸ ਸਬੰਧੀ ਕਾਗਜ਼ੀ ਕਾਰਵਾਈ ਪ੍ਰਕਿਰਿਆ ਜਾਰੀ ਹੈ।
ਪਰ ਜਿਨ੍ਹਾਂ ਉੱਪਰ ਇਰਾਦਾ ਕਤਲ ਵਰਗੀਆਂ ਗੰਭੀਰ ਧਾਰਾਵਾਂ ਹੇਠ ਮਾਮਲੇ ਦਰਜ ਹਨ, ਉਨ੍ਹਾਂ ਦੀ ਰਿਹਾਈ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ। ਮੁਲਾਜ਼ਮ ਨੁਮਾਇੰਦਿਆਂ ਨੇ ਕਿਹਾ ਕਿ ਮੰਤਰੀ ਦੇ ਭਰੋਸੇ ਤੋਂ ਬਾਅਦ ਮੌਜੂਦਾ ਹੜਤਾਲ ਨੂੰ ਖੋਲ੍ਹ ਦਿੱਤਾ ਗਿਆ ਹੈ।
ਮੁਲਾਜ਼ਮਾਂ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਛੋਟੇ ਮਾਮਲਿਆਂ ਵਾਲੇ ਮੁਲਾਜ਼ਮ ਅੱਜ ਸ਼ਾਮ ਤੱਕ ਰਿਹਾਅ ਨਹੀਂ ਹੁੰਦੇ, ਤਾਂ ਉਹ ਕੱਲ੍ਹ ਤੋਂ ਮੁੜ ਧਰਨਾ ਜਾਂ ਹੜਤਾਲ ਸ਼ੁਰੂ ਕਰ ਸਕਦੇ ਹਨ।
ਇਸ ਫੈਸਲੇ ਨਾਲ ਹੜਤਾਲ ਕਾਰਨ ਰੁਕੀ ਪਈਆਂ ਸੇਵਾਵਾਂ ਮੁੜ ਨਾਰਮਲ ਹੋਣ ਦੀ ਉਮੀਦ ਬਣ ਗਈ ਹੈ।







