ਅਮਲੋਹ, 1 ਦਸੰਬਰ 2025 (ਛਤਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਸਲਾਣੀ ਵਿਖੇ ਵਰਕਰਾਂ ਅਤੇ ਆਗੂਆਂ ਦੀ ਭਰਵੀਂ ਮੀਟਿੰਗ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਨਾਲ ਆਪ ਸਰਕਾਰ ਦੇ ਰਵੱਈਏ ਦੀ ਕੜੀ ਨਿੰਦਾ ਕੀਤੀ।
ਰਾਜੂ ਖੰਨਾ ਨੇ ਕਿਹਾ ਕਿ ਹੱਕੀ ਮੰਗਾਂ ਲਈ ਜ਼ਮਹੂਰੀ ਢੰਗ ਨਾਲ ਸੰਘਰਸ਼ ਕਰ ਰਹੇ ਮੁਲਾਜ਼ਮਾਂ ‘ਤੇ ਲਾਠੀਚਾਰਜ, ਵੱਡੀ ਗਿਣਤੀ ਵਿੱਚ ਮੁਅਤਲੀ, ਅਤੇ ਕੱਚੇ ਕਾਮਿਆਂ ‘ਤੇ ਜੁਰਮਾਨੇ ਲਗਾਉਣਾ ਬਿਲਕੁਲ ਅਨ੍ਯਾਇਕ ਅਤੇ ਨਿੰਦਣਯੋਗ ਹੈ। ਉਹਨਾਂ ਦਾਅਵਾ ਕੀਤਾ ਕਿ ਆਪ ਸਰਕਾਰ ਪਿਛਲੇ ਪੌਣੇ ਚਾਰ ਸਾਲਾਂ ਤੋਂ ਮੁਲਾਜ਼ਮ ਵਰਗ ਨਾਲ ਤਾਨਾਸ਼ਾਹੀ ਭਰਿਆ ਰਵੱਈਆ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ, “ਮੁਲਾਜ਼ਮ ਆਪਣੀਆਂ ਮੰਗਾਂ ਸ਼ਾਂਤੀਪੂਰਨ ਢੰਗ ਨਾਲ ਰੱਖਦੇ ਹਨ, ਇਸ ਲਈ ਸਰਕਾਰ ਨੂੰ ਵੀ ਗੱਲਬਾਤ ਰਾਹੀਂ ਹੱਲ ਲੱਭਣਾ ਚਾਹੀਦਾ ਹੈ, ਨਾ ਕਿ ਧੱਕੇਸ਼ਾਹੀ ਅਤੇ ਨੌਕਰੀਆਂ ਤੋਂ ਹਟਾਉਣ ਦੀ ਧਮਕੀ ਦੇ ਕੇ ਪ੍ਰਦਰਸ਼ਨਾਂ ਨੂੰ ਦਬਾਉਣਾ ਚਾਹੀਦਾ ਹੈ।”
ਰਾਜੂ ਖੰਨਾ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਿਆਂ ਵਾਲੇ ਸੰਘਰਸ਼ ਵਿੱਚ ਹਰ ਪੱਧਰ ‘ਤੇ ਡਟ ਕੇ ਨਾਲ ਖੜ੍ਹੇਗਾ।
ਮੀਟਿੰਗ ਵਿੱਚ ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਤਿੰਦਰ ਸਿੰਘ ਪ੍ਰਧਾਨ, ਜਥੇਦਾਰ ਜਰਨੈਲ ਸਿੰਘ ਮਾਜਰੀ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਜਸ਼ਨ ਸ਼ਾਹਪੁਰ, ਸਾਬਕਾ ਸਰਪੰਚ ਕੁਲਵਿੰਦਰ ਸਲਾਟੀ, ਸ਼ਿੰਗਾਰਾ ਸਿੰਘ, ਸੁਖਚੈਨ ਸਿੰਘ, ਪਾਲ ਸਿੰਘ ਖੁੰਮਣਾ, ਸੁਖਵਿੰਦਰ ਸਿੰਘ ਸੁੱਖੀ, ਬਹਾਦਰ ਸਿੰਘ ਸਮੇਤ ਕਈ ਵਰਕਰ ਮੌਜੂਦ ਸਨ।







