ਚੰਡੀਗੜ੍ਹ 29 ਨਵੰਬਰ 2025 (ਜਗਜੀਤ ਸਿੰਘ) : ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਚੱਲ ਰਹੀ ਹੜਤਾਲ ਖ਼ਿਲਾਫ਼ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਪਨਬਸ ਜਲੰਧਰ ਡਿਪੂ-1 ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਸਸਪੈਂਡ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਇਹ ਫ਼ੈਸਲਾ ਗੈਰਕਾਨੂੰਨੀ ਹੜਤਾਲ ਵਿੱਚ ਹਿੱਸਾ ਲੈਣ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਆਧਾਰ ’ਤੇ ਲਿਆ ਗਿਆ ਹੈ।
ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ 28 ਨਵੰਬਰ 2025 ਨੂੰ ਬਿਕਰਮਜੀਤ ਸਿੰਘ (ਕੰਡਕਟਰ ਨੰਬਰ CTC-06) ਨੇ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਕੇ ਆਪਣੀ 380 ਕਿਲੋਮੀਟਰ ਦੀ ਨਿਰਧਾਰਤ ਡਿਊਟੀ ਮਿਸ ਕੀਤੀ, ਜਿਸ ਕਾਰਨ ਮੁਕੇਰੀਆਂ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਰੂਟ ’ਤੇ ਪਨਬਸ ਸੇਵਾ ਬਾਧਿਤ ਰਹੀ। ਇਸ ਨਾਲ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਨਾਲ ਹੀ ਵਿਭਾਗ ਨੂੰ 11,939 ਰੁਪਏ ਦਾ ਨੁਕਸਾਨ ਵੀ ਹੋਇਆ।
ਪੱਤਰ ਵਿੱਚ ਦੱਸਿਆ ਗਿਆ ਕਿ 28 ਨਵੰਬਰ ਨੂੰ ਉਨ੍ਹਾਂ ਨੂੰ ਤੁਰੰਤ ਡਿਊਟੀ ’ਤੇ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਸਦੇ ਬਾਵਜੂਦ 29 ਨਵੰਬਰ 2025 ਨੂੰ ਵੀ ਬਿਕਰਮਜੀਤ ਸਿੰਘ ਮੁਕੇਰੀਆਂ ਤੋਂ ਬੱਸ ਨੂੰ ਜਲੰਧਰ ਵਰਕਸ਼ਾਪ ਵਿੱਚ ਖੜ੍ਹਾ ਕਰਕੇ ਗੈਰਕਾਨੂੰਨੀ ਹੜਤਾਲ ਦਾ ਹਿੱਸਾ ਬਣ ਗਏ ਅਤੇ 301 ਕਿਲੋਮੀਟਰ ਦੀ ਡਿਊਟੀ ਮਿਸ ਕਰ ਦਿੱਤੀ। ਇਸ ਦੌਰਾਨ ਵਿਭਾਗ ਨੂੰ ਹੋਰ 9,520 ਰੁਪਏ ਦਾ ਵਿੱਤੀ ਨੁਕਸਾਨ ਹੋਇਆ।
ਇਸ ਤਰ੍ਹਾਂ ਦੋ ਦਿਨਾਂ ਵਿੱਚ ਕੁੱਲ 21,459 ਰੁਪਏ ਦਾ ਨੁਕਸਾਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਵਿਭਾਗ ਨੇ ਐਗਰੀਮੈਂਟ ਦੀ ਸ਼ਰਤ ਨੰਬਰ 15 ਅਨੁਸਾਰ ਬਿਕਰਮਜੀਤ ਸਿੰਘ ਵੱਲੋਂ ਕੀਤੀ ਗਈ ਉਲੰਘਣਾ ਅਤੇ ਵਿੱਤੀ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਫ਼ੈਸਲਾ ਸੁਣਾਇਆ ਹੈ।
ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਗੈਰਕਾਨੂੰਨੀ ਧਰਨੇ ਤੇ ਹੜਤਾਲਾਂ ਵਿੱਚ ਸ਼ਾਮਲ ਕਿਸੇ ਵੀ ਕਰਮਚਾਰੀ ਖ਼ਿਲਾਫ਼ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ।







