ਪਟਿਆਲਾ, 29 ਨਵੰਬਰ (ਰਾਜੇਸ਼ ਕੁਮਾਰ): ਰਾਜ ਚੋਣ ਕਮਿਸ਼ਨ ਵੱਲੋਂ 14 ਦਸੰਬਰ 2025 ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਕਰਨ ਦੀ ਅਧਿਕਾਰਕ ਘੋਸ਼ਣਾ ਕੀਤੀ ਗਈ ਹੈ। ਪਟਿਆਲਾ ਜ਼ਿਲ੍ਹੇ ਵਿੱਚ ਇਸ ਦਿਨ ਜ਼ਿਲ੍ਹਾ ਪ੍ਰੀਸ਼ਦ ਦੇ 23 ਜੋਨ ਅਤੇ 10 ਬਲਾਕ ਸਮਿਤੀਆਂ ਦੇ 184 ਜੋਨਾਂ ਵਿੱਚ ਚੋਣ ਪ੍ਰਕਿਰਿਆ ਚੱਲੇਗੀ। ਇਸ ਨਾਲ ਹੀ ਮਾਡਲ ਕੋਡ ਆਫ਼ ਕੰਡਕਟ ਤੁਰੰਤ ਲਾਗੂ ਹੋ ਗਿਆ ਹੈ।
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਰਿਟਰਨਿੰਗ ਅਧਿਕਾਰੀਆਂ ਨਾਲ ਚੋਣ ਪ੍ਰਬੰਧਾਂ ਬਾਰੇ ਮਹੱਤਵਪੂਰਨ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਬੈਲਟ ਪੇਪਰ ਰਾਹੀਂ ਹੋਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੋਵਾਂ ਦੀਆਂ ਚੋਣਾਂ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੇਂ ਹੋਣਗੀਆਂ।
ਨਾਮਜ਼ਦਗੀ ਪ੍ਰਕਿਰਿਆ
- 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀ ਪੱਤਰ ਭਰਨ ਦੀ ਮਿਤੀ
- 5 ਦਸੰਬਰ ਨੂੰ ਪੜਤਾਲ
- 6 ਦਸੰਬਰ ਸ਼ਾਮ 3 ਵਜੇ ਤੱਕ ਨਾਮਜ਼ਦਗੀ ਵਾਪਸੀ
- ਚੋਣਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ
- ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕੀਤੀ ਜਾਵੇਗੀ
ਡਾ. ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਲਈ ਚੋਣ ਖਰਚਾ ਹੱਦ ₹2,55,000 ਅਤੇ ਪੰਚਾਇਤ ਸਮਿਤੀ ਉਮੀਦਵਾਰ ਲਈ ₹1,10,000 ਨਿਰਧਾਰਿਤ ਹੈ। ਨਾਮਜ਼ਦਗੀ ਫੀਸ ਜ਼ਿਲ੍ਹਾ ਪ੍ਰੀਸ਼ਦ ਲਈ ₹400 ਅਤੇ ਪੰਚਾਇਤ ਸਮਿਤੀ ਲਈ ₹200, ਜਦਕਿ ਐਸ.ਸੀ. ਉਮੀਦਵਾਰਾਂ ਲਈ ਇਹ ਫੀਸ ਅੱਧੀ ਰਹੇਗੀ।
ਚੋਣ ਖੇਤਰਵਾਰ ਜੋਨ
ਜ਼ਿਲ੍ਹੇ ਦੀਆਂ 988 ਗ੍ਰਾਮ ਪੰਚਾਇਤਾਂ ਨੂੰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਅਤੇ 10 ਬਲਾਕ ਸਮਿਤੀਆਂ ਵਿੱਚ ਵੰਡਿਆ ਗਿਆ ਹੈ। ਸਨੌਰ, ਨਾਭਾ, ਭੁੱਨਰਹੇੜੀ, ਸਮਾਣਾ, ਰਾਜਪੁਰਾ, ਘਨੌਰ, ਪਟਿਆਲਾ ਦਿਹਾਤੀ, ਸ਼ੰਭੂ ਕਲਾਂ ਤੇ ਪਾਤੜਾਂ ਸਮੇਤ ਸਾਰੇ ਖੇਤਰਾਂ ਵਿੱਚ ਜੋਨਵਾਰ ਚੋਣਾਂ ਕਰਵਾਈਆਂ ਜਾਣਗੀਆਂ।
ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਤਿਆਰੀ
ਡਾ. ਪ੍ਰੀਤੀ ਯਾਦਵ ਨੇ ਯਕੀਨ ਦਵਾਇਆ ਕਿ ਪਟਿਆਲਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ।
ਬੈਠਕ ਦੌਰਾਨ ਏ.ਡੀ.ਸੀ. ਦਮਨਜੀਤ ਸਿੰਘ ਮਾਨ, ਡਾ. ਇਸਮਤ ਵਿਜੇ ਸਿੰਘ, ਬਬਨਦੀਪ ਸਿੰਘ ਵਾਲੀਆ, ਨਮਨ ਮਾਰਕੰਨ, ਨਵਦੀਪ ਕੁਮਾਰ, ਹਰਜੋਤ ਕੌਰ ਮਾਵੀ, ਰਿਚਾ ਗੋਇਲ ਸਮੇਤ ਕਈ ਅਧਿਕਾਰੀ ਮੌਜੂਦ ਸਨ।







