ਨਵੀਂ ਦਿੱਲੀ : 29 ਨਵੰਬਰ 2025 (ਜਗਜੀਤ ਸਿੰਘ) : ਦੁਨੀਆਂ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਜਹਾਜ਼ ਏਅਰਬੱਸ A-320 ਸੀਰੀਜ਼ ਤੀਬਰ ਸੂਰਜੀ ਰੇਡੀਏਸ਼ਨ ਦੇ ਖਤਰੇ ਕਾਰਨ ਤਕਨੀਕੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਇਹ ਸਮੱਸਿਆ ਉਡਾਣ ਨਿਯੰਤਰਣ ਡੇਟਾ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਜਹਾਜ਼ ਦੀ ਉਚਾਈ, ਦਿਸ਼ਾ ਅਤੇ ਕੰਟਰੋਲ ਤੱਕ ਪ੍ਰਭਾਵ ਪੈ ਸਕਦਾ ਹੈ।
ਇਸ ਮੁੱਦੇ ਨੂੰ ਹੱਲ ਕਰਨ ਲਈ ਏਅਰਬੱਸ ਨੇ ਦੁਨੀਆਂ ਭਰ ਦੀਆਂ ਏਅਰਲਾਈਨਾਂ ਨੂੰ ਤੁਰੰਤ ELAC (Elevator Aileron Computer) ਸਾਫ਼ਟਵੇਅਰ ਅੱਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਕਾਰਨ ਭਾਰਤ ਦੀਆਂ ਇੰਡੀਗੋ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਸੈਂਕੜੇ ਉਡਾਣਾਂ ‘ਤੇ ਅਸਰ ਪਿਆ ਹੈ।
ਡੀਆਰਜੀਸੀਏ ਅਨੁਸਾਰ ਸ਼ਨਿੱਚਰਵਾਰ ਸਵੇਰੇ 10 ਵਜੇ ਤੱਕ ਕੁੱਲ 338 ਜਹਾਜ਼ਾਂ ਵਿਚੋਂ 189 A-320 ਸੀਰੀਜ਼ ਦੇ ਜਹਾਜ਼ਾਂ ’ਤੇ ਸਾਫਟਵੇਅਰ ਅਪਗ੍ਰੇਡ ਪੂਰਾ ਕਰ ਲਿਆ ਗਿਆ ਸੀ। ਸਾਰੇ ਅਪਡੇਟ 30 ਨਵੰਬਰ ਸਵੇਰੇ 5:29 ਵਜੇ ਤੱਕ ਪੂਰੇ ਹੋਣ ਦੀ ਉਮੀਦ ਹੈ। ਹਾਲਾਂਕਿ, ਉਡਾਣਾਂ ਰੱਦ ਨਹੀਂ ਹੋਈਆਂ ਪਰ ਕਈ ਉਡਾਣਾਂ 60 ਤੋਂ 90 ਮਿੰਟ ਤੱਕ ਦੇਰੀ ਨਾਲ ਚਲ ਰਹੀਆਂ ਹਨ।
ਸਾਫਟਵੇਅਰ ਅੱਪਡੇਟ ਦੀ ਲੋੜ ਇੱਕ ਹਾਲੀਆ ਘਟਨਾ ਤੋਂ ਬਾਅਦ ਉੱਭਰੀ, ਜਦੋਂ ਅਮਰੀਕੀ ਏਅਰਲਾਈਨ ਜੈਟਬਲੂ ਦੇ A320 ਜਹਾਜ਼ ਵਿੱਚ 30 ਅਕਤੂਬਰ ਨੂੰ ਉਡਾਣ ਦੌਰਾਨ ਅਚਾਨਕ ਪਿੱਚ-ਡਾਊਨ ਦੇ ਕਾਰਨ ਜਹਾਜ਼ ਥੱਲੇ ਡਿੱਗਣਾ ਸ਼ੁਰੂ ਹੋ ਗਿਆ ਸੀ। EASA ਦੀ ਮੁੱਢਲੀ ਜਾਂਚ ਅਨੁਸਾਰ ਖਰਾਬ ELAC ਕੰਪਿਊਟਰ ਇਸਦਾ ਸੰਭਾਵਿਤ ਕਾਰਨ ਸੀ।
ਨਵੇਂ A320 ਜਹਾਜ਼ਾਂ ਲਈ ਸਾਫਟਵੇਅਰ ਅੱਪਡੇਟ ਲਗਭਗ 30 ਮਿੰਟ ਵਿਚ ਪੂਰਾ ਹੋ ਜਾਂਦਾ ਹੈ, ਜਦਕਿ ਪੁਰਾਣੇ ਜਹਾਜ਼ਾਂ ਵਿਚ ਹਾਰਡਵੇਅਰ ਅੱਪਗ੍ਰੇਡ ਕਾਰਨ ਵੱਧ ਸਮਾਂ ਲੱਗ ਸਕਦਾ ਹੈ। ਇਸਦੇ ਕਾਰਨ ਪੁਰਾਣੇ ਜਹਾਜ਼ਾਂ ਦੀ ਸੇਵਾ ਮੁੜ ਸ਼ੁਰੂ ਹੋਣ ਵਿੱਚ ਹੋਰ ਦੇਰੀ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।







