2.70 ਲੱਖ ਨੂੰ ਲਾਭ ਪਹੁੰਚਾਉਣ ਦਾ ਟੀਚਾ: ਡਾ. ਬਲਜੀਤ ਕੌਰ
ਚੰਡੀਗੜ੍ਹ: 28 ਨਵੰਬਰ 2025 (ਛਤਰਪਾਲ ਸਿੰਘ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜਿਕ ਨਿਆਂ ਅਤੇ ਵਿਦਿਅਕ ਸਸ਼ਕਤੀਕਰਨ ਦੇ ਖੇਤਰ ਵਿੱਚ ਤੇਜ਼ੀ ਨਾਲ ਅਗੇ ਵੱਧ ਰਹੀ ਹੈ। ਖਾਸ ਕਰਕੇ ਅਨੁਸੂਚਿਤ ਜਾਤੀ (ਐਸ.ਸੀ.) ਦੇ ਵਿਦਿਆਰਥੀਆਂ ਨੂੰ ਵਿੱਤੀ ਮਦਦ ਦੇ ਰਾਹੀਂ ਉੱਚ ਸਿੱਖਿਆ ਨਾਲ ਜੋੜਨ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਡਾ. ਬੀ.ਆਰ. ਅੰਬੇਡਕਰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਪੋਰਟਲ ਅਕਾਦਮਿਕ ਸਾਲ 2025-26 ਲਈ ਮਿਤੀ 29 ਦਸੰਬਰ 2025 ਤੱਕ ਖੋਲ੍ਹ ਦਿੱਤਾ ਗਿਆ ਹੈ। ਯੋਗ ਵਿਦਿਆਰਥੀ ਜਲਦੀ ਹੀ ਆਪਣੇ ਕਾਗਜ਼ਾਤ ਅਪਲੋਡ ਕਰਕੇ ਆਨਲਾਈਨ ਅਰਜ਼ੀਆਂ ਭੇਜ ਸਕਣਗੇ।
ਮੰਤਰੀ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਦਾ ਟੀਚਾ ਇਸ ਸਾਲ 2.70 ਲੱਖ ਐਸ.ਸੀ. ਵਿਦਿਆਰਥੀਆਂ ਨੂੰ ਇਸ ਯੋਜਨਾ ਅਧੀਨ ਲਾਭ ਪਹੁੰਚਾਉਣ ਦਾ ਹੈ। ਹੁਣ ਤੱਕ 2,49,620 ਵਿਦਿਆਰਥੀਆਂ ਅਰਜ਼ੀਆਂ ਜਮ੍ਹਾਂ ਕਰਵਾ ਚੁੱਕੇ ਹਨ, ਜਦਕਿ 1,26,722 ਕੇਸਾਂ ਦੀ ਸਫਲਤਾ ਨਾਲ ਵੇਰੀਫਿਕੇਸ਼ਨ ਹੋ ਚੁੱਕੀ ਹੈ।
ਸਾਲ 2025-26 ਦੌਰਾਨ ਹੁਣ ਤੱਕ 19,871 ਵਿਦਿਆਰਥੀਆਂ ਨੂੰ ਰਾਜ ਸਰਕਾਰ ਵੱਲੋਂ ਹਿੱਸੇ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਬਾਕੀ ਬਚੇ ਕੇਸਾਂ ਦੀ ਅਦਾਇਗੀ ਵੀ ਜਲਦੀ ਕੀਤੀ ਜਾਵੇਗੀ।
ਇਸ ਯੋਜਨਾ ਅਧੀਨ ਫ੍ਰੀ-ਸ਼ਿਪ ਕਾਰਡ ਨਵੇਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਹਨ, ਜਿਸ ਨਾਲ ਉਹ ਨਿਰਧਾਰਤ ਨਿਯਮਾਂ ਅਨੁਸਾਰ ਟਿਊਸ਼ਨ ਫੀਸ ਤੋਂ ਛੋਟ ਹਾਸਲ ਕਰਕੇ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖਲਾ ਲੈ ਸਕਦੇ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਵਿਦਿਅਕ, ਆਰਥਿਕ ਅਤੇ ਸਮਾਜਿਕ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਲਈ ਸਾਰੇ ਜ਼ਿਲ੍ਹਾ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਅਤੇ ਨੋਡਲ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਯੋਗ ਵਿਦਿਆਰਥੀ ਨੂੰ ਸਕਾਲਰਸ਼ਿਪ ਲਾਭ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ।
ਪੰਜਾਬ ਸਰਕਾਰ ਦਾ ਇਹ ਕਦਮ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।







