ਅੰਮ੍ਰਿਤਸਰ:27 ਨਵੰਬਰ 2025 (ਛਤਰਪਾਲ ਸਿੰਘ) : ਪੰਜਾਬ ਸਰਕਾਰ ਵੱਲੋਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤੇ ਜਾਣ ਦੇ ਫ਼ੈਸਲੇ ਦਾ ਜੀ.ਐਨ.ਡੀ.ਯੂ. ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਨੇ ਸਵਾਗਤ ਕੀਤਾ ਹੈ। ਇਸ ਸਬੰਧ ਵਿੱਚ ਆਪਣੇ ਸੰਦੇਸ਼ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ।
ਵਾਈਸ ਚਾਂਸਲਰ ਨੇ ਕਿਹਾ ਕਿ ਅੰਮ੍ਰਿਤਸਰ ਦੀ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਨਮਾਨ ਦਿੰਦਾ ਇਹ ਫ਼ੈਸਲਾ ਸਾਰੇ ਸ਼ਹਿਰ ਲਈ ਗੌਰਵ ਦਾ ਪਲ ਹੈ। ਉਨ੍ਹਾਂ ਨੇ ਸ਼ਹਿਰ ਦੀ ਮਹੱਤਤਾ ਬਿਆਨ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਦਾ ਘਰ ਹੀ ਨਹੀਂ, ਸੱਗੋਂ ਸਿੱਖ ਮਰਯਾਦਾ ਅਤੇ ਪੰਜਾਬੀ ਸੱਭਿਆਚਾਰ ਦਾ ਜੀਵੰਤ ਪ੍ਰਤੀਕ ਹੈ।
ਇਸਦੇ ਨਾਲ ਹੀ, ਵਾਈਸ ਚਾਂਸਲਰ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਪਵਿੱਤਰਤਾ ਅਤੇ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਕਿਹਾ ਕਿ “ਅਸੀਂ ਸਾਰੇ ਮਿਲ ਕੇ ਅੰਮ੍ਰਿਤਸਰ ਨੂੰ ਹਰਿਆ-ਭਰਿਆ, ਸਾਫ਼-ਸੁਥਰਾ ਅਤੇ ਪ੍ਰੇਰਕ ਸ਼ਹਿਰ ਬਣਾਈਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸਦੀ ਵਿਰਾਸਤ ਨਾਲ ਜੁੜ ਸਕਣ।”
ਪੰਜਾਬ ਸਰਕਾਰ ਵੱਲੋਂ ਇਹ ਕਦਮ ਅੰਮ੍ਰਿਤਸਰ ਦੀ ਮਹੱਤਤਾ ਨੂੰ ਮੱਨਦਿਆਂ ਉਥੇ ਦੇ ਵਿਕਾਸ ਅਤੇ ਸੁਰੱਖਿਆ ਲਈ ਨਵੇਂ ਮਾਪਦੰਡ ਤੈਅ ਕਰਨ ਵੱਲ ਇੱਕ ਅਹਿਮ ਯਤਨ ਸਮਝਿਆ ਜਾ ਰਿਹਾ ਹੈ।








