ਲੋਕ ਵੀ ਸਫ਼ਾਈ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ — ਮੇਅਰ ਗੋਗੀਆ
ਪਟਿਆਲਾ, 27 ਨਵੰਬਰ 2025 (ਜਗਦੇਵ ਰੰਚਨਾਂ) : ਪਟਿਆਲਾ ਸ਼ਹਿਰ ਨੂੰ ਹੋਰ ਸਾਫ਼–ਸੁਥਰਾ ਤੇ ਸੁਚੱਜਾ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਅੱਜ ਸਫਾਈ ਵਿਭਾਗ ਦੇ ਮੁੱਖ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਣ ਮੀਟਿੰਗ ਕੀਤੀ। ਇਸ ਦੌਰਾਨ ਹੈਲਥ ਅਫ਼ਸਰ ਅਤੇ ਸਾਰੇ ਸੈਨੇਟਰੀ ਇੰਸਪੈਕਟਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਮੀਟਿੰਗ ਵਿੱਚ ਹੈਲਥ ਅਫ਼ਸਰ ਨਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਮੋਹਿਤ ਜਿੰਦਲ, ਇੰਦਰਜੀਤ ਸਿੰਘ, ਰਾਜੇਸ਼ ਕੁਮਾਰ, ਰਿਸ਼ਵ ਗੁਪਤਾ, ਹਰਵਿੰਦਰ ਸਿੰਘ, ਜਗਤਾਰ ਸਿੰਘ, ਗੋਗਾ ਰਾਣੀ, ਸੈਨੇਟਰੀ ਸੁਪਰਵਾਈਜ਼ਰ ਨਰਿੰਦਰ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਮੇਅਰ ਗੋਗੀਆ ਨੇ ਸਫਾਈ ਪ੍ਰਣਾਲੀ ਦੀ ਸਮੀਖਿਆ ਕਰਦਿਆਂ ਉਹ ਖੇਤਰ ਚਿੰਨ੍ਹੇ ਜਿੱਥੇ ਤੁਰੰਤ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ ਵਾਰਡ ਵਿੱਚ ਸਫਾਈ ਕਰਮਚਾਰੀਆਂ ਦੀ ਰੋਜ਼ਾਨਾ ਮੋਨੀਟਰਿੰਗ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਸੈਨੇਟਰੀ ਇੰਸਪੈਕਟਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਉਹ ਆਪਣੀਆਂ ਥਾਵਾਂ ਦਾ ਨਿਯਮਿਤ ਦੌਰਾ ਕਰਕੇ ਜ਼ਮੀਨੀ ਹਾਲਾਤਾਂ ’ਤੇ ਨਿਗਰਾਨੀ ਰੱਖਣ। ਮੇਅਰ ਨੇ ਕਿਹਾ ਕਿ ਸਾਫ਼–ਸੁਥਰਾ ਪਟਿਆਲਾ ਬਣਾਉਣ ਲਈ ਸਿਰਫ਼ ਨਗਰ ਨਿਗਮ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੂੜਾ ਸਿਰਫ਼ ਨਿਰਧਾਰਤ ਡੱਸਟਬਿਨਾਂ ਵਿੱਚ ਹੀ ਪਾਇਆ ਜਾਵੇ ਅਤੇ ਘਰਾਂ ਦੇ ਆਲੇ–ਦੁਆਲੇ ਦੀ ਸਫਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ ਸੜਕਾਂ ਉੱਤੇ ਪਏ ਮਲਬੇ ਅਤੇ ਗੰਦਗੀ ਵਾਲੇ ਖੇਤਰਾਂ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹੈਲਥ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪੂਰੀ ਟੀਮ ਪੂਰੀ ਤਰ੍ਹਾਂ ਤਤਪਰ ਰਹੇਗੀ।
ਇਸ ਮੀਟਿੰਗ ਨੂੰ ਪਟਿਆਲਾ ਵਿੱਚ ਸਫਾਈ ਮੁਹਿੰਮ ਨੂੰ ਨਵੀਂ ਰਫ਼ਤਾਰ ਦੇਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
