ਜਲੰਧਰ, (ਜਗਜੀਤ ਸਿੰਘ): 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਦੇ ਦਿਲ ਦਹਲਾ ਦੇਣ ਵਾਲੇ ਮਾਮਲੇ ਵਿੱਚ ਮੁੱਖ ਲਾਪਰਵਾਹੀ ਪਾਈ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਕੜੀ ਕਾਰਵਾਈ ਕੀਤੀ ਹੈ। ਜਲੰਧਰ ਵਿਚ ਤਾਇਨਾਤ ਏ.ਐਸ.ਆਈ. ਮੰਗਤ ਰਾਮ ਨੂੰ ਦਫ਼ਤਰੀ ਬੇਧਿਆਨੀ, ਗਲਤ ਜਾਣਕਾਰੀ ਦੇਣ ਅਤੇ ਡਿਊਟੀ ਦੌਰਾਨ ਲਾਪਰਵਾਹੀ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਪਤਾ ਲੱਗਾ ਹੈ ਕਿ ਲੜਕੀ ਦੇ ਪਰਿਵਾਰ ਨੇ ਜਦੋਂ ਉਸ ਘਰ ਬਾਰੇ ਪੁੱਛਿਆ ਜਿੱਥੇ ਬਾਅਦ ਵਿੱਚ ਉਸਦਾ ਕਤਲ ਹੋਇਆ ਸੀ, ਤਦੋਂ ਏ.ਐਸ.ਆਈ. ਮੰਗਤ ਰਾਮ ਨੇ ਗਲਤ ਜਾਣਕਾਰੀ ਦਿੱਤੀ ਕਿ ਲੜਕੀ ਉੱਥੇ ਮੌਜੂਦ ਨਹੀਂ ਹੈ। ਇਹ ਗੰਭੀਰ ਲਾਪਰਵਾਹੀ ਸਿੱਧ ਹੋਣ ਤੋਂ ਬਾਅਦ ਉਸ ‘ਤੇ ਤੁਰੰਤ ਕਾਰਵਾਈ ਕੀਤੀ ਗਈ।
ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਫ਼ੋਨ ‘ਤੇ ਜਾਣਕਾਰੀ ਦਿੰਦਿਆਂ ਪੁਸ਼ਟੀ ਕੀਤੀ ਕਿ ਮੰਗਤ ਰਾਮ ਨੂੰ ਵਿਭਾਗ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋ ਹੋਰ ਪੀਸੀਆਰ ਮੁਲਾਜ਼ਮਾਂ ਨੂੰ ਵੀ ਡਿਊਟੀ ਦੀ ਲਾਪਰਵਾਹੀ ਕਾਰਨ ਸਸਪੈਂਡ ਕੀਤਾ ਗਿਆ ਹੈ।
ਇਹ ਕਾਰਵਾਈ ਪੁਲਿਸ ਵਿਭਾਗ ਵੱਲੋਂ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।







