ਅਨੰਦਪੁਰ ਸਾਹਿਬ:27 ਨਵੰਬਰ 2025 (ਛਤਰਪਾਲ ਸਿੰਘ) : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਇੱਕ ਵਿਸ਼ੇਸ਼ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਬੁੱਢਾ ਦੱਲ ਦੇ ਪ੍ਰਸਿੱਧ ਸਿੰਘ ਅਤੇ ਲਿਖਾਰੀ ਮਾਨ ਸਿੰਘ ਬੁੱਢਾ ਦੱਲ ਵਿਦੇਸ਼ੀ ਸਿੰਘਾਂ ਦੇ ਇੱਕ ਖ਼ਾਸ ਜਥੇ ਨਾਲ ਪਹੁੰਚੇ।
ਇਸ ਜਥੇ ਵਿੱਚ ਅਮਰੀਕਾ, ਸਪੇਨ, ਫਰਾਂਸ, ਫਿਨਲੈਂਡ ਅਤੇ ਜਰਮਨੀ ਤੋਂ ਆਏ ਨਿਵਾਸੀ ਸਿੰਘ ਸ਼ਾਮਲ ਸਨ, ਜਿਹੜੇ ਨਿਹੰਗ ਸਿੰਘੀ ਗੇਟਅਪ ਅਤੇ ਪੰਥਕ ਰੰਗ ਵਿਚ ਸਜੇ ਹੋਏ ਸਨ। ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਇੱਕ ਅੰਤਰਰਾਸ਼ਟਰੀ ਰੂਹਾਨੀ ਰੰਗ ਬਖ਼ਸ਼ਿਆ।
ਮਾਨ ਸਿੰਘ ਬੁੱਢਾ ਦੱਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਪੈਗਾਮ ਸਿਰਫ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਸਿੱਖ ਸੰਗਤ ਨੂੰ ਪ੍ਰੇਰਨਾ ਦਿੰਦਾ ਹੈ। ਵਿਦੇਸ਼ੀ ਸਿੰਘਾਂ ਦੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਕੌਮ ਦਾ ਜਜ਼ਬਾ ਅਤੇ ਰੂਹਾਨੀ ਜੋੜ ਸਰਹੱਦਾਂ ਤੋਂ ਪਰੇ ਹੈ।
ਸਮਾਗਮ ਦੌਰਾਨ ਅੰਤਰਰਾਸ਼ਟਰੀ ਸੰਗਤ ਨੇ ਜਥੇਬੰਦੀ ਨਾਲ ਕੀਰਤਨ, ਅਰਦਾਸ ਤੇ ਨਗਰ ਕੀਰਤਨ ਵਿੱਚ ਭਾਗ ਲਿਆ ਅਤੇ ਗੁਰੂ ਘਰ ਪ੍ਰਤੀ ਆਪਣੇ ਸਮਰਪਣ ਦਾ ਪ੍ਰਗਟਾਵਾ ਕੀਤਾ।
